ਜੇਕਰ ਕੈਪਟਨ ਨੇ ਆਪਣੇ ਵਰਕਰ ਨਾ ਸੰਭਾਲੇ ਤਾਂ ਸਾਰੇ ‘ਆਪ’ ਦੀ ਗੱਡੀ ਚਡ਼੍ਹਨਗੇ

02/26/2020 12:10:47 AM

ਲੁਧਿਆਣਾ, (ਮੁੱਲਾਂਪੁਰੀ)- ਪੰਜਾਬ ’ਚ ਕਾਂਗਰਸ ਪਾਰਟੀ ਦਾ ਰਾਜ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਪਿਛਲੇ 3 ਸਾਲਾਂ ਤੋਂ ਰਾਜ ਕਰਦੇ ਆ ਰਹੇ ਹਨ ਪਰ ਪੰਜਾਬ ’ਚ ਹੇਠਲੇ ਪੱਧਰ ਭਾਵ ਬਲਾਕ, ਸਬ-ਡਵੀਜ਼ਨ ’ਚ ਬੈਠੇ ਕਾਂਗਰਸ ਦੇ ਵਰਕਰਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ । ਅਫਸਰਸ਼ਾਹੀ ਵੀ ਉਨ੍ਹਾਂ ਨੂੰ ਟਿੱਚ ਸਮਝ ਰਹੀ ਹੈ। ਇਥੋਂ ਤੱਕ ਕਿ ਪੰਜਾਬ ’ਚ ਕਾਂਗਰਸ ਦਾ ਰਾਜ ਹੋਣ ’ਤੇ ਅਜੇ ਵੀ ਕਈ ਥਾਈਂ ਅਕਾਲੀਆਂ ਦੇ ਕੰਮ ਹੋ ਰਹੇ ਹਨ ਅਤੇ ਕਾਂਗਰਸੀ ਵਰਕਰਾਂ ਤੇ ਪਿੰਡਾਂ, ਕਸਬਿਆਂ ’ਚ ਬੈਠੇ ਕਾਂਗਰਸੀ ਨੇਤਾ ਹੁਣ ਇਕ-ਦੂਜੇ ਦੇ ਮੂੰਹ ਵੱਲ ਦੇਖ ਕੇ ਅੱਕ ਚੁੱਕੇ ਹਨ। ਉਹ ਆਪਣੇ ਵਿਧਾਇਕ ਕੋਲ ਜਾਂ ਜ਼ਿਲਾ ਪ੍ਰਧਾਨ ਕੋਲ ਰੋਣਾ ਰੋ ਰਹੇ ਹਨ। ਅੱਗੋਂ ਵਿਧਾਇਕ ਵੀ ਖੁਦ ਨੂੰ ਕੱਖੋਂ ਹੌਲਾ ਸਮਝ ਰਹੇ ਹਨ। ਹੁਣ ਤਾਂ ਕਾਂਗਰਸ ਦੇ ਕਈ ਵੱਡੇ ਅਹੁਦਿਆਂ ’ਤੇ ਬੈਠੇ ਨੇਤਾ ਪ੍ਰੈੱਸ ਨੋਟ ਜਾਰੀ ਕਰ ਕੇ ਇਹ ਆਖਣ ਲੱਗ ਪਏ ਹਨ ਕਿ ਉਨ੍ਹਾਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਕਾਂਗਰਸ ਦੇ ਰਾਜ ਤਾਂ ਪਹਿਲਾਂ ਵੀ ਦੇਖੇ ਹਨ, ਜਿਵੇਂ ਗਿਆਨੀ ਜ਼ੈਲ ਸਿੰਘ ਦਾ ਰਾਜ, ਦਰਬਾਰਾ ਸਿੰਘ ਦਾ, ਬੇਅੰਤ ਸਿੰਘ ਦਾ, ਹਰਚਰਨ ਸਿੰਘ ਬਰਾਡ਼ ਦਾ, ਬੀਬੀ ਭੱਠਲ ਦਾ ਅਤੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਪਰ ਇਸ ਵਾਰ ਤਾਂ ਕਾਂਗਰਸੀ ਨੇਤਾ ਅਤੇ ਵਰਕਰ ਹੁਣ ਸ਼ਰੇਆਮ ਆਖਣ ਲੱਗ ਪਏ ਹਨ ਕਿ ਮੁੱਖ ਮੰਤਰੀ ਕੈਪਟਨ ਦੀ ਕੋਈ ਨਾ ਕੋਈ ਤਾਂ ਬਾਦਲ ਨਾਲ ਸਾਂਝ ਹੈ।

ਇਹ ਸਭ ਕੁਝ ਦੇਖ ਕੇ ਉਹ ਕਾਂਗਰਸੀ ਵਰਕਰ ਇਕ-ਦੂਜੇ ਕੋਲ ਇਹ ਗੱਲ ਆਖਣ ਲੱਗ ਪਏ ਹਨ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਆਪਣੇ ਵਰਕਰ ਨਾ ਸੰਭਾਲੇ ਤਾਂ ਸਾਰੇ ‘ਆਪ’ ਦੀ ਗੱਡੀ ਚਡ਼੍ਹ ਜਾਣਗੇ। 2022 ’ਚ ਦਿੱਲੀ ਵਾਂਗ ‘ਆਪ’ ਵਾਲਿਆਂ ਦੇ ਪਾਲੇ ’ਚ ਰਲ ਜਾਣਗੇ। ਇਸ ਲਈ ਮੁੱਖ ਮੰਤਰੀ ਕੈਪਟਨ ਸਿੰਘ ਨੂੰ ਫੌਰੀ ਫੀਡਬੈਕ ਲੈ ਕੇ ਵਰਕਰਾਂ ਨੂੰ ਸੰਭਾਲਣਾ ਚਾਹੀਦਾ ਹੈ। ਇਹ ਵਰਕਰ ਸਰਪੰਚ, ਪੰਚ, ਕੌਂਸਲਰ, ਬਲਾਕ ਸੰਮਤੀ ਮੈਂਬਰ, ਜ਼ਿਲਾ ਪ੍ਰੀਸ਼ਦ ਮੈਂਬਰ ਤੇ ਹੋਰ ਪੁਰਾਣੇ ਮੈਂਬਰ ਹਨ। ਜੇਕਰ ਇਨ੍ਹਾਂ ਦੀ ਸਾਰ ਨਾ ਲਈ ਗਈ ਤਾਂ ਹੋਰ ਨਾ ਕਿਧਰੇ ਪੰਜਾਬ ਕਾਂਗਰਸ ਦਾ ਦਿੱਲੀ ਵਾਲਾ ਹਾਲ ਹੋ ਜਾਵੇ। ਉਹ ਅਕਾਲੀ ਦਲ ਨੂੰ ਰੋਕਣ ਲਈ ‘ਆਪ’ ਦੀ ਗੱਡੀ ਚਡ਼੍ਹ ਜਾਣਗੇ।


Bharat Thapa

Content Editor

Related News