ਸ਼ਹਿਰ ’ਚ ਛੇਤੀ ਲੱਗਣੀ ਸ਼ੁਰੂ ਹੋਵੇਗੀ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ
Thursday, Nov 29, 2018 - 06:00 AM (IST)

ਮੋਹਾਲੀ, (ਰਾਣਾ)- ਕੁਝ ਵਿਵਾਦ ਸਬੰਧੀ ਪੂਰੇ ਪੰਜਾਬ ਵਿਚ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੰਪਨੀ ਨੇ ਫਿਰ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਸਟੇਟ ਟਰਾਂਸਪੋਰਟ ਅਥਾਰਿਟੀ ਨੇ ਵੀ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਕੰਮ ਪ੍ਰਾਈਵੇਟ ਕੰਪਨੀ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਟਰਾਂਸਪੋਰਟ ਅਥਾਰਟੀ ਵਲੋਂ ਇਸ ਕੰਮ ਨੂੰ ਛੇਤੀ ਪੂਰਾ ਕਰਨ ਲਈ ਇਕ ਟੀਮ ਬਣਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਮੋਹਾਲੀ ਵਿਚ ਵੀ ਦਸੰਬਰ ਵਿਚ ਹੀ ਹਾਈ ਸਕਿਓਰਿਟੀ ਪਲੇਟਾਂ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਨਾਲ ਹੀ ਇਸ ਵਾਰ ਜੋ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਈ ਜਾਵੇਗੀ ਉਸ ਦੀ ਕੁਆਲਟੀ ਪਹਿਲਾਂ ਲਗਾਈ ਗਈ ਨੰਬਰ ਪਲੇਟ ਤੋਂ ਕਾਫ਼ੀ ਵਧੀਅਾ ਹੋਵੇਗੀ।
ਪਿਛਲੀ ਸਰਕਾਰ ਦੇ ਸਮੇਂ ਹੋਇਆ ਸੀ ਕੰਮ ਬੰਦ
ਜਿਸ ਸਮੇਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣੀ ਸ਼ੁਰੂ ਕੀਤੀ ਗਈ ਸੀ, ਉਸ ਦੌਰਾਨ ਪੰਜਾਬ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਜਿਨ੍ਹਾਂ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਗਾਈ ਗਈ ਸੀ ਉਨ੍ਹਾਂ ਦਾ ਰੰਗ ਪੂਰਾ ਫਿੱਕਾ ਪੈ ਗਿਆ ਸੀ ਤੇ 10 ਮੀਟਰ ਦੀ ਦੂਰੀ ’ਤੇ ਖਡ਼੍ਹਾ ਵਿਅਕਤੀ ਵਾਹਨ ਦਾ ਨੰਬਰ ਨਹੀਂ ਪਡ਼੍ਹ ਸਕਦਾ ਸੀ। ਜਿਸ ਤੋਂ ਬਾਅਦ ਇਸ ਤਰ੍ਹਾਂ ਦੀ ਸ਼ਿਕਾਇਤ ਸਬੰਧਤ ਵਿਭਾਗ ਵਿਚ ਪੁੱਜਣ ਲੱਗੀ ਤੇ ਮਾਮਲੇ ਨੇ ਕਾਫ਼ੀ ਜ਼ੋਰ ਫਡ਼ ਲਿਆ। ਇਸ ਤੋਂ ਬਾਅਦ ਇਹ ਮਾਮਲਾ ਹਾਈ ਕੋਰਟ ਵਿਚ ਚਲਾ ਗਿਆ ਤੇ ਉਥੇ ਮਾਮਲਾ ਜਾਣ ਤੋਂ ਬਾਅਦ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦਾ ਕੰਮ ਵਿਚ ਹੀ ਬੰਦ ਕਰ ਦਿੱਤਾ ਗਿਆ। 2017 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਈ ਤੇ ਉਸ ਵਲੋਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦੇ ਕੰਮ ਦੀ ਦਿਸ਼ਾ ਵਿਚ ਕੰਮ ਕੀਤਾ ਜਾਣ ਲੱਗਾ ਤੇ ਅਖੀਰ ਵਿਚ ਨਵੀਂ ਸਰਕਾਰ ਨੇ ਪੰਜਾਬ ਵਿਚ ਫਿਰ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਦਾ ਕੰਮ ਸ਼ੁਰੂ ਕਰਵਾ ਹੀ ਦਿੱਤਾ।
ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਰੰਗ ਫਿੱਕਾ ਪੈਣ ਨਾਲ ਪੁਲਸ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਚਾਲਕ ਟਰੈਫਿਕ ਨਿਯਮ ਤੋਡ਼ ਕੇ ਬਡ਼ੀ ਹੀ ਆਸਾਨੀ ਨਾਲ ਨਿਕਲ ਜਾਂਦੇ ਹਨ ਤੇ ਉਥੇ ਖਡ਼੍ਹੀ ਪੁਲਸ ਉਸ ਵਾਹਨ ਦਾ ਨੰਬਰ ਤਕ ਨੋਟ ਨਹੀਂ ਕਰ ਪਾਉਂਦੀ ਹੈ । ਇਸ ਵਿਚ ਪੁਲਸ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਸ਼ਹਿਰ ਵਿਚ ਜ਼ਿਆਦਾਤਰ ਵਾਹਨ ਅਜਿਹੇ ਹਨ ਜਿਨ੍ਹਾਂ ਦੀ ਨੰਬਰ ਪਲੇਟ ਪੂਰੀ ਸਫੇਦ ਨਜ਼ਰ ਆਉਂਦੀ ਹੈ। ਕਾਲੇ ਰੰਗ ਵਿਚ ਲਿਖਿਆ ਨੰਬਰ ਫਿੱਕਾ ਪੈਣ ਨਾਲ ਉਹ ਵਿਖਾਈ ਹੀ ਨਹੀਂ ਦਿੰਦਾ ਪਰ ਹੁਣ ਪੁਲਸ ਨੂੰ ਨਵੀਂ ਹਾਈ ਸਕਿਓਰਿਟੀ ਨੰਬਰ ਪਲੇਟ ਲੱਗਣ ਨਾਲ ਮੁਲਜ਼ਮਾਂ ਨੂੰ ਫਡ਼ਨ ਵਿਚ ਵੀ ਕਾਫ਼ੀ ਮਦਦ ਮਿਲੇਗੀ। ਕਰੋਮੀਅਮ ਹੋਲੋਗ੍ਰਾਮ ਵਾਲੀ ਹਾਈ ਸਕਿਓਰਿਟੀ ਰਜਿਸਟਰੇਸ਼ਨ ਪਲੇਟ ਵਿਚ 7 ਡਿਜ਼ਟ ਦਾ ਲੇਜ਼ਰ ਕੋਡ ਯੂਨੀਕ ਰਜਿਸਟਰੇਸ਼ਨ ਨੰਬਰ ਹੁੰਦਾ ਹੈ। ਇਸ ਨੰਬਰ ਦੇ ਜ਼ਰੀਏ ਕਿਸੇ ਵੀ ਹਾਦਸੇ ਜਾਂ ਅਪਰਾਧਿਕ ਵਾਰਦਾਤ ਹੋਣ ਦੀ ਹਾਲਤ ਵਿਚ ਵਾਹਨ ਤੇ ਇਸ ਦੇ ਮਾਲਕ ਬਾਰੇ ਤਮਾਮ ਜਾਣਕਾਰੀਆਂ ਉਪਲਬਧ ਹੋਣਗੀਆਂ। ਨੰਬਰ ਪਲੇਟ ’ਤੇ ਆਈ. ਐੱਨ. ਡੀ. ਲਿਖਿਆ ਹੁੰਦਾ ਹੈ।
ਵਿਭਾਗ ਨੇ ਫੀਸ ਕੀਤੀ ਤੈਅ
ਸਬੰਧਤ ਵਿਭਾਗ ਨੇ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਲਈ ਫੀਸ ਤੈਅ ਕਰ ਦਿੱਤੀ ਹੈ। ਦੋਪਹੀਆ ਵਾਹਨ ਲਈ 123 ਰੁਪਏ, ਥ੍ਰੀਵਹੀਲਰ ਲਈ 167 ਰੁਪਏ ਤੇ ਕਾਰ ਲਈ 359 ਰੁਪਏ ਫੀਸ ਦੇਣੀ ਹੋਵੇਗੀ। ਮੋਹਾਲੀ ਸ਼ਹਿਰ ਪੰਜਾਬ ਦਾ ਵੀ. ਆਈ. ਪੀ. ਜ਼ਿਲਾ ਹੈ। ਮੋਹਾਲੀ ਜ਼ਿਲੇ ਵਿਚ 3 ਸਬ ਡਵੀਜ਼ਨਾਂ ਮੋਹਾਲੀ, ਖਰਡ਼ ਤੇ ਡੇਰਾਬੱਸੀ ਪੈਂਦੀਅਾਂ ਹਨ, ਇਹ 3 ਵੱਡੇ ਸ਼ਹਿਰ ਹਨ। ਇਸ ਤੋਂ ਇਲਾਵਾ 383 ਪਿੰਡ ਜ਼ਿਲੇ ਵਿਚ ਪੈਂਦੇ ਹਨ।
ਮੋਹਾਲੀ ਵਿਚ ਵੀ ਛੇਤੀ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਲੱਗਣੀ ਸ਼ੁਰੂ ਹੋ ਜਾਵੇਗੀ, ਜਿਸ ਲਈ ਉਨ੍ਹਾਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿਛਲੀ ਵਾਰ ਕੰਪਨੀ ਵਲੋਂ ਲਗਾਈ ਗਈ ਵਾਹਨਾਂ ’ਤੇ ਹਾਈ ਸਕਿਓਰਿਟੀ ਨੰਬਰ ਪਲੇਟ ਦਾ ਰੰਗ ਫਿੱਕਾ ਪੈ ਗਿਆ ਸੀ, ਅਜਿਹਾ ਇਸ ਵਾਰ ਨਹੀਂ ਹੋਵੇਗਾ ਕਿਉਂਕਿ ਕੰਪਨੀ ਨੂੰ ਪਹਿਲਾਂ ਹੀ ਅਾਖ ਦਿੱਤਾ ਗਿਆ ਹੈ ਜਿਸ ਤਹਿਤ ਉਸ ਵਲੋਂ ਇਸ ਵਾਰ ਚੰਗੀ ਕੁਆਲਟੀ ਦੀ ਨੰਬਰ ਪਲੇਟ ਲਾਈ ਜਾਵੇਗੀ।
- ਸੁਖਵਿੰਦਰ ਸਿੰਘ, (ਐੱਸ. ਟੀ. ਏ.) ਸਟੇਟ ਟਰਾਂਸਪੋਰਟ ਅਥਾਰਟੀ ਮੋਹਾਲੀ।