ਹਾਈਕੋਰਟ ਦੇ ਵਾਰੰਟ ਅਫਸਰ ਨੇ 3 ਨੌਜਵਾਨਾਂ ਨੂੰ ਭਦੌੜ ਥਾਣੇ 'ਚੋਂ ਛੁਡਵਾਇਆ
Thursday, Sep 27, 2018 - 12:32 PM (IST)

ਬਰਨਾਲਾ(ਬਿਊਰੋ)— ਥਾਣਾ ਭਦੌੜ ਦੀ ਜੇਲ ਵਿਚ ਗੈਰ-ਕਾਨੂੰਨੀ ਰੂਪ ਨਾਲ ਬੰਦ ਕੀਤੇ ਜੰਗਿਆਣਾ ਦੇ 3 ਨੌਜਵਾਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਾਰੰਟ ਅਫਸਰ ਸਤੀਸ਼ ਗ੍ਰੋਵਰ ਨੇ ਛਾਪੇਮਾਰੀ ਕਰਕੇ ਮੁਕਤ ਕਰਾਇਆ ਹੈ। ਪੁਲਸ ਵਿਰੁੱਧ ਨੌਜਵਾਨਾਂ ਨਾਲ ਕਈ ਦਿਨਾਂ ਤੱਕ ਕੁੱਟਮਾਰ ਕਰਨ, ਰਿਹਾਅ ਕਰਨ ਦੇ ਬਦਲੇ ਪਰਿਵਾਰਾਂ ਤੋਂ ਰਿਸ਼ਵਤ ਮੰਗਣ, ਥਰਡ ਡਿਗਰੀ ਟਾਰਚਰ ਦੇ ਦੋਸ਼ ਹਨ, ਜਿਸ ਨੂੰ ਲੈ ਕੇ ਹਾਈਕੋਰਟ ਨੇ ਥਾਣਾ ਭਦੌੜ ਦੇ ਮੁਖੀ ਸਬ-ਇੰਸਪੈਕਟਰ ਗੋਰਵਵੰਸ਼, ਏ.ਐਸ.ਆਈ. ਜਰਨੈਲ ਸਿੰਘ ਅਤੇ ਰੀਡਰ ਸਿਪਾਹੀ ਗੁਰਪ੍ਰੀਤ ਸਿੰਘ ਨੂੰ 16 ਅਕਤੂਬਰ ਨੂੰ ਤਲਬ ਹੋਣ ਦੇ ਹੁਕਮ ਦਿੱਤੇ ਹਨ। ਨਾਲ ਹੀ ਅਪੀਲ ਕਰਨ ਵਾਲੇ ਕੁਲਵੀਰ ਸਿੰਘ, ਹੀਰਾ ਸਿੰਘ ਅਤੇ ਆਤਮਾ ਸਿੰਘ ਨੂੰ ਵੀ ਅਦਾਲਤ ਵਿਚ ਪੇਸ਼ ਹੋਣ ਨੂੰ ਕਿਹਾ ਹੈ।
ਦੱਸ ਦੇਈਏ ਕਿ ਜੰਗਿਆਣਾ ਨਿਵਾਸੀ ਆਤਮਾ ਸਿੰਘ ਪੁੱਤਰ ਬੰਤ ਸਿੰਘ ਨੇ 3 ਅਗਸਤ ਨੂੰ ਥਾਣਾ ਭਦੌੜ ਵਿਚ ਆਪਣੀ ਟਰਾਲੀ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ, ਸ਼ਿਕਾਇਤ ਵਿਚ ਪਿੰਡ ਦੇ ਇਨ੍ਹਾਂ 3 ਨੌਜਵਾਨਾਂ ਦੇ ਨਾਂ ਸ਼ਾਮਲ ਸਨ। ਜਿਸ ਤੋਂ ਬਾਅਦ ਪੁਲਸ ਨੇ ਜੰਗਿਆਨਾ ਨਿਵਾਸੀ ਸਤਨਾਮ ਸਿੰਘ, ਮਨਦੀਪ ਸਿੰੰਘ ਅਤੇ ਇਕ ਹੋਰ ਵਿਰੁੱਧ ਚੋਰੀ ਦਾ ਕੇਸ ਦਰਜ ਕਰਕੇ ਜਾਂਚ ਦੇ ਨਾਂ 'ਤੇ ਬੁਰੀ ਤਰ੍ਹਾਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ। ਪੀੜਤ ਮਨਦੀਪ ਸਿੰਘ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਨਦੀਪ ਸਿੰਘ ਦੇ ਚਾਚਾ ਪ੍ਰਗਟ ਸਿੰਘ ਨੂੰ ਵੀ ਚੁੱਕ ਲਿਆ ਅਤੇ ਚੋਰੀ ਦੇ ਦੋਸ਼ ਵਿਚ ਕੁੱਟਿਆ।
ਗੁਰਚਰਨ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਹ 24 ਸਤੰਬਰ ਨੂੰ ਹਾਈਕੋਰਟ ਪਹੁੰਚੇ। ਮਾਮਲੇ ਦੀ ਸ਼ਿਕਾਇਤ ਦੇ ਆਧਾਰ 'ਤੇ ਹਾਈ ਕੋਰਟ ਨੇ ਸਤੀਸ਼ ਗ੍ਰੋਵਰ ਨੂੰ ਬਤੌਰ ਵਾਰੰਟ ਅਫਸਰ ਤਾਇਨਾਤ ਕੀਤਾ ਸੀ, ਜਿਨ੍ਹਾਂ ਨੇ 24 ਸਤੰਬਰ ਨੂੰ ਰਾਤ 12 ਵਜੇ ਭਦੌੜ ਥਾਣੇ ਪਹੁੰਚ ਕੇ ਛਾਪੇਮਾਰੀ ਕੀਤੀ। ਉਥੇ ਕੁੱਟਮਾਰ ਤੋਂ ਬਾਅਦ ਦਰਦ ਨਾਲ ਕਰਾਹ ਰਹੇ ਮਨਦੀਪ ਸਿੰਘ, ਪ੍ਰਗਟ ਸਿੰਘ ਅਤੇ ਉਨ੍ਹਾਂ ਦੇ ਨਾਲ ਥਾਣੇ ਵਿਚ ਬੰਦ ਸਰਵਣ ਸਿੰਘ ਨੂੰ ਵੀ ਰਿਹਾਅ ਕਰਾਇਆ। ਵਾਰੰਟ ਅਫਸਰ ਦੇ ਪਹੁੰਚਣ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਡੀ.ਐਸ.ਪੀ. ਤਪਾ ਤਜਿੰਦਰ ਸਿੰਘ ਵੀ ਪਹੁੰਚੇ ਅਤੇ ਉਨ੍ਹਾਂ ਨੇ ਏ.ਐਸ.ਆਈ. ਜਰਨੈਲ ਸਿੰਘ ਸਮੇਤ ਹੋਰ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ।