'84 ਦੇ ਕੇਸਾਂ ਦੀ ਸੁਣਵਾਈ ਫਾਸਟ ਕੋਰਟ 'ਚ ਹੋਵੇ: ਪੀਰ ਮੁਹੰਮਦ, ਭਾਈ ਘੋਲੀਆ
Thursday, Dec 20, 2018 - 11:08 AM (IST)

ਮੋਗਾ (ਗੋਪੀ)—ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ ਹੋਂਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਾਂਗਰਸ ਦੇ ਪ੍ਰਮੁੱਖ ਆਗੂ ਤੇ ਸਿੱਖ ਨਸਲਕੁਸ਼ੀ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਦੱਸਿਆ ਹੈ ਕਿ ਅੱਜ ਦੇ ਦਿਨ 34 ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਮੀਡੀਆ ਗਵਾਹਾਂ ਅਤੇ ਸਿੱਖ ਕੌਮ ਦੇ ਸਮਰਥਨ ਨਾਲ ਲੜੀ ਗਈ ਲੜਾਈ ਦੀ ਜਿੱਤ ਹੋਈ ਹੈ। ਦੇਰ ਨਾਲ ਹੀ ਸਹੀ ਪਰ ਇਨਸਾਫ ਦੀ ਜਿੱਤ ਹੋਈ ਹੈ। ਉਨ੍ਹਾਂ ਪੰਜਾਬ ਦੀਆਂ ਸਮੂਹ ਧਾਰਮਿਕ, ਰਾਜਨੀਤਕ, ਸਮਾਜਿਕ, ਸਿੱਖ ਜਥੇਬੰਦੀਆਂ ਤੇ ਮਨੁੱਖੀ ਅਧਿਕਾਰ ਸੰਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲੜਾਈ ਦਾ ਇੱਕ ਪੜਾਅ ਜਿੱਤਣ ਲਈ ਯਤਨਸ਼ੀਲ ਧਿਰਾਂ ਨੂੰ ਜਸਟਿਸ ਸਾਹਿਬਾਨ ਨੇ ਨਿਆਂ ਦੇ ਕੇ ਪੀੜਤ ਸਿੱਖ ਕੌਮ ਨੂੰ ਹੌਸਲਾ ਦਿੱਤਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਕਮਲਨਾਥ ਨੂੰ ਐੱਸ. ਆਈ. ਟੀ. ਰਾਹੀਂ ਸਜ਼ਾ ਦਿਵਾਉਣ ਲਈ ਸਾਰੇ ਕੇਸਾਂ ਨੂੰ ਹਰ ਦਿਨ ਦੀ ਕਾਰਵਾਈ 'ਚ ਸ਼ਾਮਲ ਕਰਨ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸੋਨੀਆ ਗਾਂਧੀ ਵਲੋਂ ਦੋਸ਼ੀਆਂ ਨੂੰ ਆਪਣੀ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੀੜਤਾਂ ਤੇ ਸਿੱਖ ਕੌਮ ਦਾ ਭਾਰਤੀ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ ਬੱਝਿਆ ਹੈ ਅਤੇ 34 ਸਾਲਾਂ ਬਾਅਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਿਆ ਹੈ।