ਕੇਂਦਰੀ ਜੇਲ੍ਹ ਫ਼ਰੀਦਕੋਟ ''ਚ ਹਾਈ ਰਿਸਕ ਬੰਦੀਆਂ ਤੋਂ ਮੋਬਾਈਲ ਤੇ ਸਿਮ ਬਰਾਮਦ
Tuesday, Jul 28, 2026 - 12:42 PM (IST)
ਫ਼ਰੀਦਕੋਟ (ਰਾਜਨ) : ਕੇਂਦਰੀ ਜੇਲ੍ਹ ਫ਼ਰੀਦਕੋਟ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਬਣਾਉਣ ਲਈ ਚਲਾਈ ਗਈ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ ਇਕ ਹਾਈ ਰਿਸਕ ਬੰਦੀ ਅਤੇ ਤਿੰਨ ਹਵਾਲਾਤੀਆਂ ਕੋਲੋਂ ਕੁੱਲ ਚਾਰ ਮੋਬਾਈਲ ਫ਼ੋਨ ਅਤੇ ਇਕ ਸਿਮ ਕਾਰਡ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਟੀ ਕੋਤਵਾਲੀ ਫ਼ਰੀਦਕੋਟ ਪੁਲਸ ਨੇ ਜੇਲ੍ਹ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਫ਼ਰੀਦਕੋਟ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਵੱਲੋਂ ਥਾਣਾ ਸਿਟੀ ਕੋਤਵਾਲੀ ਫ਼ਰੀਦਕੋਟ ਨੂੰ ਭੇਜੀਆਂ ਸ਼ਿਕਾਇਤਾਂ ਵਿਚ ਦੱਸਿਆ ਗਿਆ ਕਿ 27 ਜੁਲਾਈ ਨੂੰ ਜੇਲ੍ਹ ਗਾਰਦ ਦੀ ਮਦਦ ਨਾਲ ਜੇਲ੍ਹ ਦੇ ਸੁਰੱਖਿਆ ਜ਼ੋਨ ਸਮੇਤ ਵੱਖ-ਵੱਖ ਬਲਾਕਾਂ ਅਤੇ ਬੈਰਕਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਤਲਾਸ਼ੀ ਦੌਰਾਨ ਬਲਾਕ-ਬੀ ਦੀ ਬੈਰਕ ਨੰਬਰ-6 ਵਿਚ ਬੰਦ ਹਾਈ ਰਿਸਕ ਬੰਦੀ ਨਵਜੋਤ ਸਿੰਘ ਵਾਸੀ ਪਿੰਡ ਈਸ਼ਰ ਸਿੰਘ ਵਾਲਾ, ਜ਼ਿਲ੍ਹਾ ਬਰਨਾਲਾ ਦੇ ਕਬਜ਼ੇ ਵਿਚੋਂ ਇਕ ਟੱਚ ਸਕਰੀਨ ਮੋਬਾਈਲ ਫ਼ੋਨ ਅਤੇ ਇਕ ਸਿਮ ਕਾਰਡ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਜੇਲ੍ਹ ਦੇ ਹੋਰ ਬਲਾਕਾਂ ਵਿਚ ਕੀਤੀ ਗਈ ਤਲਾਸ਼ੀ ਦੌਰਾਨ ਹਵਾਲਾਤੀ ਰਮਨਦੀਪ ਸਿੰਘ ਵਾਸੀ ਭੋਰਾ ਕਲੋਨੀ, ਜ਼ਿਲ੍ਹਾ ਲੁਧਿਆਣਾ, ਹਵਾਲਾਤੀ ਭੁਪਿੰਦਰ ਸਿੰਘ ਵਾਸੀ ਬਾਬਾ ਸੂਰਤ ਨਗਰ, ਜ਼ਿਲ੍ਹਾ ਮੋਗਾ ਅਤੇ ਹਵਾਲਾਤੀ ਕੁਲਵਿੰਦਰ ਸਿੰਘ ਵਾਸੀ ਬੋਗੇਵਾਲ, ਜ਼ਿਲ੍ਹਾ ਮੋਗਾ ਦੇ ਕਬਜ਼ੇ ਵਿਚੋਂ ਇਕ ਟੱਚ ਸਕਰੀਨ ਅਤੇ ਦੋ ਕੀਪੈਡ ਮੋਬਾਈਲ ਫ਼ੋਨ ਬਰਾਮਦ ਹੋਏ।
ਜੇਲ੍ਹ ਪ੍ਰਸ਼ਾਸਨ ਨੇ ਬਰਾਮਦ ਕੀਤੇ ਮੋਬਾਈਲ ਫ਼ੋਨਾਂ ਅਤੇ ਸਿਮ ਕਾਰਡ ਨੂੰ ਕਬਜ਼ੇ ਵਿੱਚ ਲੈ ਕੇ ਤੁਰੰਤ ਇਸ ਸਬੰਧੀ ਸਿਟੀ ਕੋਤਵਾਲੀ ਫ਼ਰੀਦਕੋਟ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਹਾਈ ਰਿਸਕ ਬੰਦੀ ਅਤੇ ਤਿੰਨਾਂ ਹਵਾਲਾਤੀਆਂ ਖ਼ਿਲਾਫ਼ ਜੇਲ੍ਹ ਐਕਟ ਦੇ ਤਹਿਤ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਹਨ। ਪੁਲਸ ਅਨੁਸਾਰ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਹ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਜੇਲ੍ਹ ਅੰਦਰ ਇਹ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਕਿਸ ਤਰੀਕੇ ਨਾਲ ਪਹੁੰਚੇ।
