70 ਗ੍ਰਾਮ ਹੈਰੋਇਨ ਸਮੇਤ ਕੁੜੀ-ਮੁੰਡਾ ਕਾਬੂ
Sunday, Aug 09, 2026 - 05:27 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਜ਼ਿਲ੍ਹਾ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਪੁਲਸ ਨੇ ਫੋਕਲ ਪੁਆਇੰਟ ਬਧਾਈ ਦੇ ਰਕਬੇ ਵਿਚੋਂ ਇਕ ਨੌਜਵਾਨ ਲੜਕੇ ਅਤੇ ਲੜਕੀ ਨੂੰ 70 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਐੱਸ. ਆਈ ਦਰਸ਼ਨ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਸਬੰਧੀ ਫੋਕਲ ਪੁਆਇੰਟ ਬਧਾਈ ਕੋਲ ਮੌਜੂਦ ਸਨ। ਇਸੇ ਦੌਰਾਨ ਪਿੰਡ ਬਧਾਈ ਵਾਲੀ ਸਾਈਡ ਤੋਂ ਇਕ ਨੌਜਵਾਨ ਲੜਕਾ ਅਤੇ ਇਕ ਲੜਕੀ ਪੈਦਲ ਆਉਂਦੇ ਦਿਖਾਈ ਦਿੱਤੇ। ਸਾਹਮਣੇ ਪੁਲਸ ਪਾਰਟੀ ਦੀ ਗੱਡੀ ਵੇਖ ਕੇ ਦੋਵੇਂ ਘਬਰਾ ਗਏ ਅਤੇ ਆਪਣੇ ਖੱਬੇ ਹੱਥ ਫੋਕਲ ਪੁਆਇੰਟ ਵੱਲ ਮੁੜਨ ਲੱਗੇ। ਸ਼ੱਕ ਹੋਣ 'ਤੇ ਪੁਲਸ ਪਾਰਟੀ ਨੇ ਤੁਰੰਤ ਗੱਡੀ ਉਨ੍ਹਾਂ ਵੱਲ ਮੋੜ ਕੇ ਦੋਵਾਂ ਨੂੰ ਕਾਬੂ ਕਰ ਲਿਆ। ਮੌਕੇ 'ਤੇ ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਅਕੀਲ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਹਰਦੇਸ਼ ਰਾਣੀ ਪੁੱਤਰੀ ਗੁਰਮੀਤ ਸਿੰਘ ਵਾਸੀਆਨ ਪਿੰਡ ਨਕੇਰੀਆਂ ਵਜੋਂ ਹੋਈ ਹੈ। ਪੁਲਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 228 ਅਧੀਨ ਧਾਰਾ 21/61/85 ਐੱਨ.ਡੀ.ਪੀ.ਐੱਸ. ਐਕਟ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲਸ ਵੱਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲਿਆਂਦਾ ਗਿਆ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ।
