ਕਤਲ ਕੇਸ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ

01/23/2021 1:27:39 PM

ਫਿਰੋਜ਼ਪੁਰ(ਕੁਮਾਰ): ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਸਬ ਇੰਸਪੈਕਟਰ ਸੁਖਚੈਨ ਸਿੰਘ ਅਤੇ ਸੀ.ਆਈ.ਏ. ਸਟਾਫ ਦੇ ਏ.ਐੱਸ.ਆਈ. ਅੰਗਰੇਜ ਸਿੰਘ ਦੀ ਅਗਵਾਈ ਹੇਠ ਕਤਲ ਕੇਸ ’ਚ ਨਾਮਜ਼ਦ ਦੋਸ਼ੀ ਸਾਜਨ ਮਾਲੀ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ 100 ਗ੍ਰਾਮ ਹੈਰੋਇਨ ਅਤੇ ਸਾਹਿਲ ਉਰਫ ਟਿੱਡੀ ਪੁੱਤਰ ਅਮਾਨਤ ਦੀ ਨਿਸ਼ਾਨਦੇਹੀ ’ਤੇ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾਂਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ. ਇੰਸਪੈਕਟਰ ਮਨੋਜ ਕੁਮਾਰ ਅਤੇ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਚੰਦ ਗਿਰ ਨੇ ਦੱਸਿਆ ਕਿ ਸਾਜਨ ਮਾਲੀ ਪੁੱਤਰ ਅਮਰਜੀਤ ਅਤੇ ਸਾਹਿਲ ਉਰਫ ਟਿੱਡੀ ਪੁੱਤਰ ਅਮਾਨਤ ਵਾਸੀ ਬਸਤੀ ਭੱਟੀਆਂ ਵਾਲੀ ਫਿਰੋਜ਼ਪੁਰ ਸ਼ਹਿਰ ਨੂੰ ਚੇਤਨ ਡੂਮਰਾ ਦੇ ਕਤਲ ਕੇਸ ’ਚ ਪੁਲਸ ਵੱਲੋਂ ਗਿ੍ਰਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਫੜੇ ਗਏ ਸਾਜਨ ਉਰਫ ਮਾਲੀ ਨੇ ਪੁਲਸ ਦੇ ਸਾਹਮਣੇ ਮੰਨਿਆ ਕਿ ਉਹ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਕਈ ਦਿਨ ਪਹਿਲਾਂ ਉਹ 100 ਗ੍ਰਾਮ ਹੈਰੋਇਨ ਲੈ ਕੇ ਆਇਆ ਸੀ, ਜੋ ਉਸ ਨੇ ਘਰ ’ਚ ਬੈੱਡ ’ਚ ਛੁਪਾ ਕੇ ਰੱਖੀ ਹੋਈ ਹੈ। ਸਬ ਇੰਸਪੈਕਟਰ ਸੁਖਚੈਨ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਰੇਡ ਕਰਦੇ ਹੋਏ ਸਾਜਨ ਮਾਲੀ ਦੇ ਘਰੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਦੂਜੇ ਪਾਸੇ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਚੰਦ ਗਿਰ ਨੇ ਦੱਸਿਆ ਕਿ ਇਸੇ ਕਤਲ ਕੇਸ ’ਚ ਫੜੇ ਗਏ ਸਾਹਿਲ ਉਰਫ ਟਿੱਡੀ ਨੇ ਪੁੱਛਗਿੱਛ ਕਰਨ ’ਤੇ ਪੁਲਸ ਨੂੰ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਕਿ੍ਰਮੀਨਲ ਗਤੀਵਿਧੀਆਂ ’ਚ ਹਿੱਸਾ ਲੈ ਰਿਹਾ ਹੈ ਅਤੇ ਪੈਸਾ ਕਮਾਉਣ ਦੇ ਲਈ ਨਸ਼ਾ ਵੇਚਦਾ ਹੈ ਤੇ ਉਸ ਨੇ ਭਾਰੀ ਮਾਤਰਾ ’ਚ ਨਸ਼ੀਲੀਆਂ ਗੋਲੀਆਂ ਆਪਣੇ ਘਰ ’ਚ ਛੁਪਾ ਕੇ ਰੱਖੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਅੰਗਰੇਜ ਸਿੰਘ ਨੇ ਪੁਲਸ ਪਾਰਟੀ ਨੂੰ ਨਾਲ ਲੈ ਕੇ ਉਸ ਦੇ ਘਰ ਜਦ ਰੇਡ ਕੀਤੀ ਤਾਂ ਉਥੋਂ 1800 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਸਬ ਇੰਸਪੈਕਟਰ ਸੁਖਚੈਨ ਸਿੰਘ ਅਤੇ ਏ.ਐੱਸ.ਆਈ. ਅੰਗਰੇਜ ਸਿੰਘ ਨੇ ਦੱਸਿਆ ਕਿ ਸਾਜਨ ਮਾਲੀ ਅਤੇ ਸਾਹਿਲ ਉਰਫ ਟਿੱਡੀ ਦੇ ਖ਼ਿਲਾਫ਼ ਪੁਲਸ ਨੇ ਥਾਣਾ ਸਿਟੀ ਫਿਰੋਜ਼ਪੁਰ ’ਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਕਰ ਲਏ ਹਨ ਤੇ ਉਨ੍ਹਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। 


Aarti dhillon

Content Editor

Related News