ਨਗਰ ਕੌਂਸਲ ਦੇ ਨੇਡ਼ੇ ਹੋ ਰਹੀ ਪਾਣੀ ਦੀ ਭਾਰੀ ਬਰਬਾਦੀ

07/23/2019 12:14:05 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੰਜਾਬ ’ਚ ਪਾਣੀ ਦਾ ਪੱਧਰ ਦਿਨ-ਪ੍ਰਤੀਦਿਨ ਥੱਲੇ ਜਾ ਰਿਹਾ ਹੈ। ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਕੁਝ ਪਾਬੰਦੀਆਂ ਵੀ ਲਾਈਆਂ ਹਨ। ਪਾਈਪ ਰਾਹੀਂ ਫਰਸ਼ ਧੋਣ ’ਤੇ ਜੁਰਮਾਨੇ ਦਾ ਪ੍ਰਾਵਧਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਪਾਈਪ ਨਾਲ ਕਾਰ ਧੋਣ ’ਤੇ ਵੀ ਪਾਬੰਦੀ ਹੈ ਪਰ ਨਗਰ ਕੌਂਸਲ ਦੇ ਨੇਡ਼ੇ ਭਾਰੀ ਮਾਤਰਾ ’ਚ ਪਾਣੀ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਅਜਾਈਂ ਜਾ ਰਿਹਾ ਹੈ। ਨਗਰ ਕੌਂਸਲ ਦੇ ਨੇਡ਼ੇ ਟੋਇਆ ਖੋਦਣ ਸਮੇਂ ਪਾਣੀ ਦੀ ਪਾਈਪ ਨੁਕਸਾਨੀ ਗਈ, ਜਿਸ ਕਾਰਨ ਭਾਰੀ ਮਾਤਰਾ ਵਿਚ ਪਾਣੀ ਸਡ਼ਕਾਂ ’ਤੇ ਵਹਿ ਕੇ ਨਾਲੀਆਂ ਵਿਚ ਜਾ ਰਿਹਾ ਸੀ ਅਤੇ ਪਾਣੀ ਦੀ ਬਰਬਾਦੀ ਹੋ ਰਹੀ ਸੀ। ਕਈ ਘੰਟੇ ਬੀਤ ਜਾਣ ਦੇ ਬਾਵਜੂਦ ਪਾਣੀ ਦੀ ਪਾਈਪ ਨੂੰ ਠੀਕ ਕਰਵਾਉਣ ਲਈ ਕਿਸੇ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝੀ। ਨਾ ਹੀ ਕੋਈ ਅਧਿਕਾਰੀ ਇਸ ਪਾਈਪ ਨੂੰ ਠੀਕ ਕਰਵਾਉਣ ਲਈ ਅੱਗੇ ਆਇਆ, ਜਿਸ ਕਾਰਣ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਤਾਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਉਥੇ ਬੂੰਦ-ਬੂੰਦ ਕੀਮਤੀ ਪਾਣੀ ਦੀ ਭਾਰੀ ਮਾਤਰਾ ’ਚ ਬਰਬਾਦੀ ਵੀ ਹੋ ਰਹੀ ਸੀ।


Bharat Thapa

Content Editor

Related News