ਮੋਗਾ ’ਚ ਕਰੰਟ ਲੱਗਣ ਕਾਰਨ 2 ਨੌਜਵਾਨਾਂ ਦੀ ਮੌਤ
Thursday, Jul 09, 2026 - 11:52 PM (IST)
ਮੋਗਾ (ਆਜ਼ਾਦ, ਕਸ਼ਿਸ਼) - ਮੋਗਾ ਜ਼ਿਲੇ ਦੇ ਪਿੰਡ ਰਾਊਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਮਿਲਣ ’ਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਮੁਖੀ ਇੰਸਪੈਕਟਰ ਜਤਿੰਦਰ ਸਿੰਘ ਮੌਕੇ ’ਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ (27) ਅਤੇ ਸੁਖਪ੍ਰੀਤ ਸਿੰਘ (32) ਪਿੰਡ ਮਾਣੂਕੇ ਵਾਲੀ ਨਹਿਰ ਨੇੜੇ ਇਕ ਦਰੱਖਤ ਹੇਠਾਂ ਖੜ੍ਹੇ ਸਨ। ਇਸ ਦੌਰਾਨ ਦਰੱਖਤ ਦੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ਼ ਤਾਰਾਂ ਦਰੱਖਤ ਦੇ ਸੰਪਰਕ ਵਿਚ ਆ ਗਈਆਂ, ਜਿਸ ਕਾਰਨ ਦਰੱਖਤ ਵਿਚ ਕਰੰਟ ਆ ਗਿਆ ਅਤੇ ਦੋਵੇਂ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਪਿੰਡ ਦੇ ਪ੍ਰਧਾਨ ਬੂਟਾ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਨਹਿਰ ਨੇੜੇ ਲੱਗੇ ਫੀਡਰ ਨੂੰ ਚਲਾਉਣ ਲਈ ਗਏ ਸਨ। ਕੰਮ ਦੌਰਾਨ ਗਰਮੀ ਜ਼ਿਆਦਾ ਹੋਣ ਕਾਰਨ ਉਹ ਨਹਿਰ ਦੇ ਪੁਲ ਕੋਲ ਦਰੱਖਤ ਹੇਠਾਂ ਬੈਠ ਗਏ, ਜਿੱਥੇ ਦਰੱਖਤ ਨਾਲ ਹਾਈ ਵੋਲਟੇਜ਼ ਤਾਰਾਂ ਛੂਹ ਗਈਆਂ ਅਤੇ ਕਰੰਟ ਲੱਗਣ ਕਾਰਨ ਦੋਵਾਂ ਦੀ ਮੌਤ ਹੋ ਗਈ।
