ਮੋਗਾ ਪੁਲਸ ਵਲੋਂ ਭਾਰੀ ਮਾਤਰਾ ’ਚ ਸ਼ਰਾਬ ਸਮੇਤ 3 ਸਮੱਗਲਰ ਕਾਬੂ
Wednesday, Jul 01, 2026 - 05:46 PM (IST)
ਮੋਗਾ (ਆਜ਼ਾਦ) : ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਮੋਗਾ ਪੁਲਸ ਨੇ ਭਾਰੀ ਮਾਤਰਾ ਵਿਚ ਸ਼ਰਾਬ ਸਮੇਤ ਤਿੰਨ ਕਥਿਤ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਹੌਲਦਾਰ ਗੁਰਸਾਹਬ ਸਿੰਘ ਪਲਸ ਪਾਰਟੀ ਸਮੇਤ ਦੇਰ ਸ਼ਾਮ ਦਾਣਾ ਮੰਡੀ ਪਿੰਡ ਮਹਿਣਾ ਦੇ ਕੋਲ ਜਾ ਰਹੇ ਸੀ ਤਾਂ ਇਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਰਾਜੂ ਸਿੰਘ ਉਰਫ ਬਾਦਲ ਨਿਵਾਸੀ ਢਿੱਬਾ ਬਸਤੀ ਬਾਜਾਖਾਨਾ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰਕੇ ਉਸ ਕੋਲੋਂ 16 ਪੇਟੀਆਂ ਸ਼ਰਾਬ ਮਾਰਕਾ ਪੰਜਾਬ ਹੀਰ ਸੌਂਫ਼ੀ (ਕੁੱਲ 192 ਬੋਤਲਾਂ) ਬਰਾਮਦ ਕੀਤੀਆਂ।
ਇਸੇ ਤਰ੍ਹਾਂ ਥਾਣਾ ਸਮਾਲਸਰ ਦੇ ਮੁੱਖ ਅਫਸਰ ਇਕਬਾਲ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਤੇਜਿੰਦਰਪਾਲ ਸਿੰਘ ਉਰਫ ਕਰਨ ਨਿਵਾਸੀ ਰੋਡੇ ਬਾਹਰਲੇ ਠੇਕਿਆਂ ਤੋਂ ਸਸਤੀ ਸ਼ਰਾਬ ਲੈਕੇ ਉਨ੍ਹਾਂ ਦੀ ਵਿੱਕਰੀ ਮਹਿੰਗੇ ਭਾਅ ’ਤੇ ਕਰਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਜਾ ਦਬੋਚਿਆ ਅਤੇ ਉਸ ਕੋਲੋਂ 48 ਬੋਤਲਾਂ ਸ਼ਰਾਬ ਮਾਰਕਾ ਸੌਂਫ਼ੀ ਮਸਾਲੇਦਾਰ ਸੇਲ ਫਾਰ ਚੰਡੀਗੜ੍ਹ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਮੁੱਖ ਅਫਸਰ ਜਨਕ ਰਾਜ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੇਰ ਰਾਤ ਪੁਲਸ ਪਾਰਟੀ ਸਮੇਤ ਪਿੰਡ ਆਲਮਵਾਲਾ ਦੇ ਕੋਲ ਜਾ ਰਹੇ ਸੀ ਤਾਂ ਗੁਪਤ ਸੂਚਨਾ ਦੇ ਅਧਾਰ ’ਤੇ ਮੋਹਣ ਸਿੰਘ ਉਰਫ ਮੋਹਨਾ ਨਿਵਾਸੀ ਪਿੰਡ ਆਲਮਵਾਲਾ ਨੂੰ ਕਾਬੂ ਕਰਕੇ ਉਸ ਕੋਲੋਂ 10 ਪੇਟੀਆਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਸੌਂਫ਼ੀ ਕੁੱਲ 120 ਬੋਤਲਾਂ ਬਰਾਮਦ ਕੀਤੀਆਂ। ਕਾਬੂ ਕੀਤੇ ਗਏ ਕਥਿਤ ਸਮੱਗਲਰਾਂ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
