ਮੋਗਾ ’ਚ ਵਾਹਨ ਚੋਰਾਂ ਦੀ ਦਹਿਸ਼ਤ, ਦਿਨ-ਦਿਹਾੜੇ ਵਾਰਦਾਤਾਂ ਨੂੰ ਦੇ ਰਹੇ ਅੰਜਾਮ
Friday, Jul 10, 2026 - 01:48 PM (IST)
ਮੋਗਾ (ਆਜ਼ਾਦ) : ਮੋਗਾ ਸ਼ਹਿਰ ’ਚ ਵਾਹਨ ਚੋਰਾਂ ਦਾ ਗਿਰੋਹ ਕਾਫ਼ੀ ਸਰਗਰਮ ਦੱਸਿਆ ਜਾ ਰਿਹਾ ਹੈ, ਜੋ ਦਿਨ-ਦਿਹਾੜੇ ਸਕੂਟਰ, ਮੋਟਰਸਾਈਕਲ ਅਤੇ ਐਕਟਿਵਾ ਚੋਰੀ ਕਰ ਕੇ ਫ਼ਰਾਰ ਹੋ ਰਹੇ ਹਨ। ਸ਼ਹਿਰ ਵਿਚ ਵਾਪਰੀਆਂ ਕਈ ਵਾਹਨ ਚੋਰੀ ਦੀਆਂ ਘਟਨਾਵਾਂ ਦੀਆਂ ਸੀ. ਸੀ. ਟੀ. ਵੀ. ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਚੋਰ ਪੁਲਸ ਦੀ ਗ੍ਰਿਫ਼ਤ ਤੋਂ ਦੂਰ ਹਨ। ਭਾਵੇਂ ਪੁਲਸ ਉਨ੍ਹਾਂ ਨੂੰ ਕਾਬੂ ਕਰਨ ਦੇ ਯਤਨ ਕਰ ਰਹੀ ਹੈ, ਪਰ ਵਾਹਨ ਚੋਰ ਅਜੇ ਵੀ ਪੁਲਸ ਲਈ ਚੁਣੌਤੀ ਬਣੇ ਹੋਏ ਹਨ। ਬੀਤੇ ਦਿਨ ਵੀ ਅਣਪਛਾਤੇ ਚੋਰ ਨਿਊ ਟਾਊਨ ਮੋਗਾ ਤੋਂ ਗੁਰਪ੍ਰੀਤ ਸਿੰਘ ਵਾਸੀ ਪਿੰਡ ਭੈਣੀ ਸਾਹਿਬ (ਲੁਧਿਆਣਾ), ਜੋ ਇਸ ਸਮੇਂ ਫਰੈਂਡਜ਼ ਕਾਲੋਨੀ ਮੋਗਾ ਵਿਚ ਰਹਿ ਰਿਹਾ ਹੈ, ਦਾ ਸਪਲੈਂਡਰ ਮੋਟਰਸਾਈਕਲ ਚੋਰੀ ਕਰ ਕੇ ਲੈ ਗਏ। ਦੱਸਿਆ ਜਾਂਦਾ ਹੈ ਕਿ ਗੁਰਪ੍ਰੀਤ ਸਿੰਘ ਆਪਣੇ ਇਕ ਦੋਸਤ ਨੂੰ ਮਿਲਣ ਲਈ ਉਸ ਦੇ ਘਰ ਗਿਆ ਹੋਇਆ ਸੀ ਅਤੇ ਇਸ ਦੌਰਾਨ ਚੋਰ ਉਸ ਦਾ ਮੋਟਰਸਾਈਕਲ ਲੈ ਉੱਡੇ। ਇਸੇ ਤਰ੍ਹਾਂ ਕੋਟਕਪੂਰਾ ਰੋਡ ’ਤੇ ਸਥਿਤ ਟੇਲਰ ਮਾਸਟਰ ਜਸਪਾਲ ਸਿੰਘ ਦੀ ਐਕਟਿਵਾ ਸਕੂਟਰੀ ਵੀ ਦਿਨ-ਦਿਹਾੜੇ ਉਸ ਦੀ ਦੁਕਾਨ ਅੱਗੋਂ ਅਣਪਛਾਤੇ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਸਾਊਥ ਵਿਚ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।
ਇਕ ਹੋਰ ਘਟਨਾ ਵਿਚ ਭਗਤ ਸਿੰਘ ਮਾਰਕੀਟ ਵਿਚ ਦੁਕਾਨ ਅੱਗੇ ਖੜ੍ਹਾ ਗੋਪੀ ਰਾਊਕੇ ਦਾ ਮੋਟਰਸਾਈਕਲ ਵੀ ਅਣਪਛਾਤੇ ਚੋਰ ਪਲਾਂ ਵਿਚ ਚੋਰੀ ਕਰ ਕੇ ਲੈ ਗਏ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਪਰ ਅਜੇ ਤੱਕ ਵਾਹਨ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਸੂਤਰਾਂ ਅਨੁਸਾਰ ਜੇਕਰ ਜ਼ਿਲਾ ਮੋਗਾ ਦੇ ਵੱਖ-ਵੱਖ ਥਾਣਿਆਂ ਦਾ ਰਿਕਾਰਡ ਦੇਖਿਆ ਜਾਵੇ ਤਾਂ ਲਗਭਗ ਹਰ ਰੋਜ਼ ਕਿਸੇ ਨਾ ਕਿਸੇ ਥਾਂ ਤੋਂ ਮੋਟਰਸਾਈਕਲ, ਸਕੂਟਰ ਜਾਂ ਐਕਟਿਵਾ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਈ ਲੋਕ ਪੁਲਸ ਦੇ ਝੰਜਟ ਤੋਂ ਬਚਣ ਲਈ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦੇ। ਇਹ ਵੀ ਦੱਸਿਆ ਜਾਂਦਾ ਹੈ ਕਿ ਕਈ ਵਾਰ ਵਾਹਨ ਚੋਰੀ ਦੀਆਂ ਸ਼ਿਕਾਇਤਾਂ ਦਰਜ ਕਰਨ ਵਿਚ ਵੀ ਟਾਲ-ਮਟੋਲ ਕੀਤੀ ਜਾਂਦੀ ਹੈ। ਲੋਕਾਂ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਹੈ ਕਿ ਵਾਹਨ ਚੋਰਾਂ ’ਤੇ ਨਕੇਲ ਪਾਉਣ ਲਈ ਇੱਕ ਵਿਸ਼ੇਸ਼ ਪੁਲਸ ਟੀਮ ਦਾ ਗਠਨ ਕੀਤਾ ਜਾਵੇ, ਜੋ ਸਿਰਫ਼ ਵਾਹਨ ਚੋਰੀ ਦੇ ਮਾਮਲਿਆਂ ’ਤੇ ਕੰਮ ਕਰੇ, ਤਾਂ ਜੋ ਜ਼ਿਲੇ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ’ਤੇ ਰੋਕ ਲੱਗ ਸਕੇ ਅਤੇ ਲੋਕ ਸੁੱਖ ਦਾ ਸਾਹ ਲੈ ਸਕਣ।
