ਕਿਸਾਨੀ ਘੋਲ 'ਚ ਨਵੇਂ ਤਜਰਬੇ, ਸੋਲਰ ਸਿਸਟਮ ਅਤੇ ਕੂਲਰ ਨਾਲ ਸ਼ਿੰਗਾਰੀ ਟਰਾਲੀ ਦਿੱਲੀ ਰਵਾਨਾ
Wednesday, Mar 31, 2021 - 04:51 PM (IST)
ਜ਼ੀਰਾ (ਗੁਰਮੇਲ ਸੇਖਵਾਂ): ਪਿੰਡ ਜੋਈਆਂ ਵਾਲਾ (ਹੱਡਾਂਵਾਲੀ) ਦੇ ਕਿਸਾਨਾਂ ਮਜਦੂਰਾਂ ਵਾਸਤੇ, ਦਿੱਲੀ ਵਿਖੇ ਚੱਲ ਰਹੇ ਅੰਦੋਲਨ ਨੂੰ ਸਮਰਪਿਤ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਲੱਖਾਂ ਰੁਪਏ ਦਾ ਯੋਗਦਾਨ ਦੇ ਕੇ ਇਕ ਟਰਾਲੀ ਨੂੰ ਮੋਡੀਫਾਈ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਆਗੂ ਨਿਰਭੈ ਸਿੰਘ, ਗੁਰਸੇਵਕ ਸਿੰਘ, ਸਵਰਨ ਸਿੰਘ, ਬੂਟਾ ਸਿੰਘ ਆਦਿ ਨੇ ਦੱਸਿਆ ਕਿ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਕ ਟਰਾਲੀ ਦਾ ਆਲਾ ਦੁਆਲਾ ਲੱਕੜ ਅਤੇ ਫੋਮ ਨਾਲ ਕਵਰ ਕਰਕੇ ਇਕ ਠੰਡੇ ਕਮਰੇ ਦਾ ਰੂਪ ਦਿੱਤਾ ਗਿਆ ਹੈ ਤੇ ਖ਼ੁਦ ਦੀ ਬਿਜਲੀ ਤਿਆਰ ਕਰਨ ਲਈ ਟਰਾਲੀ ਦੇ ਉਪਰ ਸੋਲਰ ਸਿਸਟਮ ਅਤੇ ਕੂਲਰ ਫਿੱਟ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਜ ਇਸ ਟਰਾਲੀ ’ਚ ਕਿਸਾਨਾਂ ਦਾ ਜੱਥਾ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਇਆ ਤੇ ਆਪਣੇ ਨਾਲ ਰਾਸ਼ਨ ਸਮੱਗਰੀ ਵੀ ਲੈ ਕੇ ਗਏ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਟਰਾਲੀ ਜਿਥੇ ਬਿਜਲੀ ਦੀ ਮੁਸ਼ਕਲ ਨੂੰ ਦੂਰ ਕਰਦੀ ਹੈ, ਉਥੇ ਹੀ ਗਰਮੀ ਤੋਂ ਵੀ ਬੱਚਤ ਕਰਦੀ ਹੈ ਤੇ ਇਸ ਟਰਾਲੀ ਵਿਚ ਹੀ ਰਹਿਣ ਬਹਿਣ ਦਾ ਪੂਰਾ ਇੰਤਜਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਮੋਦੀ ਸਰਕਾਰ ਕਿਸਾਨ ਵਿਰੋਧੀ ਤਿੰਨੋ ਕਾਲੇ ਕਾਨੂੰਨ ਵਾਪਸ ਨਹੀ ਲੈ ਲੈਂਦੀ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਤੇ ਕਿਸਾਨ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਅੰਦੋਲਨ ਨੂੰ ਕਾਮਯਾਬ ਕਰਨਗੇ। ਇਸ ਮੌਕੇ ਹਰਪ੍ਰੀਤ ਸਿੰਘ, ਹਰਮਨਦੀਪ ਸਿੰਘ, ਰਾਜਿੰਦਰਪਾਲ ਸਿੰਘ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।