ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੀ ਭੁੱਖ ਹੜਤਾਲ ਜਾਰੀ, ਵਿਰੋਧੀ ਧਿਰ ਦੇ ਨੇਤਾ ਵੀ ਹੜਤਾਲ 'ਤੇ ਬੈਠੇ

07/27/2020 5:02:53 PM

ਸੰਗਰੂਰ (ਬੇਦੀ/ਰਿਖੀ) - ਸਿਹਤ ਵਿਭਾਗ ਪੰਜਾਬ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ 'ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ' ਵੱਲੋਂ ਸਿਵਲ ਸਰਜਨ ਸੰਗਰੂਰ ਦੇ ਦਫਤਰ ਅੱਗੇ ਰੱਖੀ ਲੜੀਵਾਰ ਭੁੱਖ ਹੜਤਾਲ ਅੱਜ ਤੀਸਰੇ ਦਿਨ 'ਚ ਦਾਖਲ ਹੋ ਗਈ। ਇਸ ਮੌਕੇ ਗੱਲਬਾਤ ਕਰਦਿਆਂ ਨਿਰਪਾਲ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੀਆਂ ਮੰਗਾਂ ਵਿਚ 2018 'ਚ ਭਰਤੀ ਕੀਤੇ ਗਏ ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪਰਖ ਕਾਲ ਸਮਾਂ ਸਰਕਾਰ ਵੱਲੋਂ ਤਿੰਨ ਸਾਲ ਤਹਿ ਕੀਤਾ ਗਿਆ ਹੈ ਉਸਨੂੰ ਘਟਾ ਕੇ ਦੋ ਸਾਲ ਕਰਨਾ , ਸਿਹਤ ਵਿਭਾਗ 'ਚ ਪਿਛਲੇ ਕਈ  ਸਾਲਾਂ ਤੋਂ ਠੇਕੇ 'ਤੇ ਕੰਮ ਕਰ ਰਹੀਆਂ ਫੀਮੇਲ ਵਰਕਰਾਂ ਨੂੰ ਪੱਕੇ ਕਰਾਉਣ ਅਤੇ ਕੋਵਿਡ ਦੀ ਜੰਗ ਵਿਚ ਲੱਗੇ ਬਾਕੀ ਸਿਹਤ ਕਾਮਿਆਂ ਨੂੰ ਵਿਸ਼ੇਸ਼ ਭੱਤਾ ਦੇਣ ਦੀਆ ਮੁੱਖ ਮੰਗਾਂ ਹਨ। ਜਿਹਨਾਂ ਲਈ ਮੁੱਖ ਮੰਤਰੀ ਪੰਜਾਬ ਨੂੰ ਪਹਿਲਾਂ ਵੀ ਮੰਗ ਪੱਤਰ ਭੇਜੇ ਗਏ ਸਨ ਪਰ ਸਰਕਾਰ ਨੇ ਕੋਈ ਗੌਰ ਨਹੀਂ ਕੀਤਾ। ਜਿਸ ਕਰਕੇ ਸਘੰਰਸ਼ ਕਮੇਟੀ ਵੱਲੋਂ ਇਹ ਸਘੰਰਸ਼ ਸ਼ੁਰੂ ਕੀਤਾ ਗਿਆ ਹੈ। ਜੇਕਰ ਫਿਰ ਵੀ ਮੰਗਾਂ ਨਾ ਮੰਨੀਆਂ ਤਾਂ 7 ਅਗਸਤ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।

ਇਸ ਮੌਕੇ ਅੱਜ ਹੜਤਾਲ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਸ਼ਾਮਿਲ ਹੋਏ ਅਤੇ ਭੁੱਖ ਹੜਤਾਲ 'ਤੇ ਬੈਠੇ। ਉਹਨਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸਿਹਤ ਕਾਮਿਆਂ ਨੇ ਡਟ ਕੇ ਕੰਮ ਕੀਤਾ ਹੈ ਅਤੇ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ। ਤਾਂ ਜਾ ਕੇ ਲੋਕਾਂ ਦੀਆਂ ਜਾਨਾਂ ਬਚੀਆਂ ਹਨ ਅਤੇ ਅੱਜ ਪੰਜਾਬ ਦੇ ਹਾਲਾਤ ਬਾਕੀ ਸੂਬਿਆਂ ਨਾਲੋਂ ਠੀਕ ਹਨ। ਉਹਨਾਂ ਕਿਹਾ  ਸਿਹਤ ਕਾਮਿਆਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਇਹਨਾਂ ਨੂੰ ਮਨਵਾਉਣ ਦੇ ਲਈ ਆਮ ਆਦਮੀ ਪਾਰਟੀ ਇਸ ਸਘੰਰਸ਼ ਦੇ ਵਿਚ ਡੱਟ ਕੇ ਸਾਥ ਦੇਵੇਗੀ। ਅੱਜ ਸੁਖਵੀਰ ਦਾਸ,ਦਲਵੀਰ ਸਿੰਘ,ਰਪਿੰਦਰ ਸਿੰਘ,ਸਰਬਜੀਤ ਕੌਰ,ਰੀਨਾ ਰਾਣੀ ਆਦਿ ਸਿਹਤ ਕਾਮੇ ਭੁੱਖ ਹੜਤਾਲ 'ਤੇ ਬੈਠੇ।


Harinder Kaur

Content Editor

Related News