ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਛਾਪੇਮਾਰੀ ਵਪਾਰੀਆਂ ਲਈ ਬਣੀ ਚਿੰਤਾ ਦਾ ਕਾਰਨ
Saturday, Sep 01, 2018 - 03:37 PM (IST)

ਕੋਟਕਪੂਰਾ (ਨਰਿੰਦਰ, ਭਾਵਿਤ) - ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਵੱਲੋਂ ਹੋਰ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸਮੁੱਚੇ ਪੰਜਾਬ ਅੰਦਰ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਹਲਵਾਈ, ਡੇਅਰੀ, ਕਰਿਆਨਾ ਤੇ ਮਿਲਕ ਸਪਲਾਇਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ 'ਚ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਪ੍ਰਧਾਨ ਉਮਕਾਰ ਗੋਇਲ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਦੌਰਾਨ ਪ੍ਰਧਾਨ ਉਮਕਾਰ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਾਫ-ਸੁਥਰਾ ਤੇ ਸ਼ੁੱਧ ਮਾਲ ਮਿਲਣਾ ਯਕੀਨੀ ਬਣਾਉਣਾ ਸ਼ਲਾਘਾਯੋਗ ਕਦਮ ਹੈ ਪਰ ਛਾਪੇਮਾਰੀ ਦੇ ਢੰਗ ਤਰੀਕਿਆਂ ਨੂੰ ਲੈ ਕੇ ਵਪਾਰੀਆਂ 'ਚ ਭਾਰੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂੰਨੇ ਲੈਣ ਸਮੇਂ ਸਨਮਾਨ ਜਨਕ ਤਰੀਕਾ ਅਪਣਾਉਣਾ ਚਾਹੀਦਾ ਹੈ। ਨਮੂੰਨੇ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਸਮਾਨ ਨੂੰ ਨਕਲੀ ਗਰਦਾਨਿਆ ਜਾ ਰਿਹਾ ਹੈ, ਜਿਸ ਨਾਲ ਵਪਾਰੀ ਤੇ ਉਸ ਦੇ ਕਾਰੋਬਾਰ ਦੀ ਬਿਨ੍ਹਾਂ ਵਜਾ ਬਦਨਾਮੀ ਹੋ ਰਹੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਵਪਾਰੀ ਵਰਗ ਬਹੁਤ ਮਿਹਨਤ ਨਾਲ ਕਾਰੋਬਾਰ ਕਰਦਾ ਹੈ ਪਰ ਉਸ ਨੂੰ ਹਰ ਸਮੇਂ ਚੋਰ ਤੇ ਬੇਈਮਾਨ ਕਹਿਣਾ ਉਸ ਦੇ ਹੱਕਾਂ ਨਾਲ ਖਿਲਵਾੜ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ।
ਉਨ੍ਹਾਂ ਸਮੂਹ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਉਪਭੋਗਤਾ ਨੂੰ ਸਾਫ-ਸੁਥਰਾ ਤੇ ਮਿਆਰੀ ਸਮਾਨ ਹੀ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਰਣਧੀਰ ਜੈਨ ਬੰਟੀ, ਕ੍ਰਿਸ਼ਨ ਕੱਕੜ, ਅਸ਼ਵਨੀ ਕਾਲੜਾ, ਦਿਨੇਸ਼ ਮਿੱਤਲ, ਸ਼ਾਮ ਲਾਲ ਮੈਂਗੀ, ਰਮਨ ਮਨਚੰਦਾ, ਰਮੇਸ਼ ਮੌਂਗਾ, ਭਿੰਦਰ ਕਟਾਰੀਆ, ਧਰਮਪਾਲ ਸ਼ਰਮਾ ਤੇ ਬਖਸ਼ੀ ਰਾਮ ਆਦਿ ਹਾਜ਼ਰ ਸਨ।