ਰਿਸ਼ਵਤ ਲੈਣ ਦੇ ਮਾਮਲੇ ’ਚ ਹੌਲਦਾਰ ਖਿਲਾਫ ਕੇਸ ਦਰਜ

12/09/2018 12:25:37 AM

ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਲੋਕ ਇਨਸਾਫ ਟੀਮ ਵੱਲੋਂ ਬੀਤੇ ਦਿਨ ਪੁਲਸ ਚੌਕੀ ਬਿਲਾਸਪੁਰ ਵਿਖੇ ਕੀਤੇ ਗਏ ਸਟਿੰਗ ਅਾਪ੍ਰੇਸ਼ਨ ਦੌਰਾਨ ਇਕ ਹੌਲਦਾਰ ਨੂੰ ਤਿੰਨ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਮੌਕੇ ਤੋਂ ਕਾਬੂ ਕੀਤੇ ਜਾਣ ਤੋਂ ਬਾਅਦ ਉਕਤ ਹੌਲਦਾਰ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨਸਾਫ ਟੀਮ ਵੱਲੋਂ ਸਮੁੱਚੇ ਅਾਪ੍ਰੇਸ਼ਨ ਦੀ ਵੀਡੀਓ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਕੀਤੀ ਗਈ ਸੀ, ਜਿਸ ਕਾਰਨ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ। ਬੇਸ਼ੱਕ ਅਾਪ੍ਰੇਸ਼ਨ ਦੀ ਅਗਵਾਈ ਕਰ ਰਹੇ ਲੋਕ ਇਨਸਾਫ ਟੀਮ ਦੇ ਮੋਗਾ ਜ਼ਿਲੇ ਦੇ ਪ੍ਰਧਾਨ ਜਗਮੋਹਨ ਸਿੰਘ ਵਾਸੀ ਸਮਾਧ ਭਾਈ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਦਾ ਕਥਿਤ ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਕਰਵਾਉਣ ਦਾ ਕੋਈ ਇਰਾਦਾ ਨਹੀਂ ਸੀ। ਸਟਿੰਗ ਅਾਪ੍ਰੇਸ਼ਨ ਤੋਂ ਬਾਅਦ ਦੇਰ ਰਾਤ ਪੁਲਸ ਪਾਰਟੀ ਪੀਡ਼ਤ ਜੋਗਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਛੀਕੇ ਦੇ ਘਰ ਪਹੁੰਚੀ ਤੇ ਉਸ ਦੇ ਬਿਆਨ ਦਰਜ ਕੀਤੇ। ਪੁਲਸ ਨੂੰ ਦਿੱਤੇ  ਬਿਆਨਾਂ ’ਚ ਉਸ ਨੇ ਕਿਹਾ ਕਿ ਮੇਰੀ ਪਿੰਡ ਮਾਛੀਕੇ ਵਿਖੇ ਮੋਬਾਇਲ ਰਿਪੇਅਰ ਦੀ ਦੁਕਾਨ ਹੈ, ਜੋ ਕਿ ਮੈਂ ਕਰਜ਼ਾ ਚੁੱਕ ਕੇ ਖੋਲ੍ਹੀ ਸੀ। ਚਾਰ ਮਹੀਨੇ ਪਹਿਲਾਂ ਚੋਰਾਂ ਵੱਲੋਂ ਮੇਰੀ ਦੁਕਾਨ ਤੋਂ 80,000 ਰੁਪਏ ਦੇ ਪੁਰਾਣੇ ਰਿਪੇਅਰ ਵਾਲੇ ਮੋਬਾਇਲ ਅਤੇ ਇੰਨੇ ਦੀ ਹੀ ਮੁੱਲ ਦੀ ਅਸੈੱਸਰੀਜ਼ ਚੋਰੀ ਕਰ ਲਈ  ਗਈ ਸੀ।  ਚੋਰਾਂ ਦੀ ਵੀਡੀਓ ਸੀ. ਸੀ. ਟੀ. ਵੀ. ਕੈਮਰੇ ’ਚ ਆਉਣ ਤੋਂ ਬਾਅਦ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬੀਲਾ ਜ਼ਿਲਾ ਬਰਨਾਲਾ ਅਤੇ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ  ਪੁਲਸ   ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੌਰਾਨ ਬੀਨਾਂ ਪੁੱਤਰ ਚਿਡ਼੍ਹਾ ਸਿੰਘ ਵਾਸੀ ਬੀਹਲਾ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਸ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਸੀ। ਮੇਰੀ ਦੁਕਾਨ ’ਚ ਚੋਰੀ ਦੌਰਾਨ ਪੋਰਟੇਬਲ ਹਾਰਡ  ਡਿਸਕ ਅਤੇ ਇਕ ਕੈਮਰਾ ਵੀ ਚੋਰੀ ਹੋਇਆ ਸੀ, ਜੋ ਕਿ ਮੇਰੇ ਤੋਂ ਐੱਫ.ਆਈ.ਆਰ. ਵਿਚ ਦਰਜ ਕਰਵਾਉਣ ਤੋਂ ਰਹਿ ਗਿਆ ਸੀ ਪਰ ਚੋਰੀ ਦੇ ਕੇਸ ’ਚ ਗ੍ਰਿਫਤਾਰ  ਕਥਿਤ ਦੋਸ਼ੀ ਤੋਂ ਪੁਲਸ ਨੇ ਬਰਾਮਦ ਕਰ ਲਿਆ ਸੀ। ਮੇਰੇ ਚੋਰੀ ਦੇ ਕੇਸ ਦੀ ਜਾਂਚ ਕਰ ਰਹੇ ਹੌਲਦਾਰ ਗੁਰਪ੍ਰੀਤ ਸਿੰਘ ਨੇ ਮੇਰੀ ਪੋਰਟੇਬਲ ਹਾਰਡ ਡਿਸਕ ਤੇ ਕੈਮਰਾ ਦੇਣ ਬਦਲੇ ਮੇਰੇ ਤੋਂ 3000 ਰਿਸ਼ਵਤ ਦੀ ਮੰਗ ਕੀਤੀ।  ਹੌਲਦਾਰ ਗੁਰਪ੍ਰੀਤ ਸਿੰਘ ਵੱਲੋਂ ਪੈਸੇ ਮੰਗਣ ਸਬੰਧੀ ਉਸ ਕੋਲ ਰਿਕਾਰਡਿੰਗ ਵੀ ਮੌਜੂਦ ਹੈ।  ਇਸ  ਸਬੰਧੀ ਮੈਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੂੰ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਨੇ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਮੋਹਨ ਸਿੰਘ ਵਾਸੀ ਸਮਾਧ ਭਾਈ ਨੂੰ ਮਿਲਣ ਨੂੰ ਕਿਹਾ। ਜਗਮੋਹਣ ਸਿੰਘ ਸਮਾਧ ਭਾਈ ਵੱਲੋਂ ਤਿੰਨ ਹਜ਼ਾਰ ਦੇ ਨੋਟ ਸਕੈਨ ਕਰ ਕੇ ਉਕਤ ਹੌਲਦਾਰ ਨੂੰ ਦੇਣ ਲਈ ਮੈਨੂੰ  ਦੇ ਦਿੱਤੇ, ਜੋ ਕਿ  ਮੈਂ ਉਕਤ ਤਿੰਨ ਹਜ਼ਾਰ ਰੁਪਏ  ਗੁਰਪ੍ਰੀਤ ਸਿੰਘ ਨੂੰ ਦੇ ਦਿੱਤੇ, ਜੋ ਕਿ ਬਾਅਦ ’ਚ ਇਨਸਾਫ਼ ਟੀਮ ਨੇ ਉਕਤ ਹੌਲਦਾਰ ਗੁਰਪ੍ਰੀਤ ਸਿੰਘ ਤੋਂ ਉਹ ਰੁਪਏ ਸਟਿੰਗ ਅਾਪ੍ਰੇਸ਼ਨ ਦੌਰਾਨ  ਬਰਾਮਦ ਕਰ ਲਏ। ਪੀਡ਼ਤ ਦੇ ਬਿਆਨਾਂ ’ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਹੌਲਦਾਰ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਇਸ ਮਾਮਲੇ ਦੀ ਜਾਂਚ ਪੁਲਸ ਚੌਕੀ ਬਿਲਾਸਪੁਰ ਦੇ ਇੰਚਾਰਜ ਸੁਖਜਿੰਦਰ ਸਿੰਘ ਚਹਿਲ ਕਰ ਰਹੇ ਹਨ । 
ਕਥਿਤ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ : ਡੀ. ਐੱਸ. ਪੀ.
 ਇਸ ਦੌਰਾਨ ਡੀ.ਐੱਸ.ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਕਥਿਤ ਦੋਸ਼ੀ ਹੌਲਦਾਰ ਗੁਰਪ੍ਰੀਤ ਸਿੰਘ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।  
ਕੁਝ ਸਾਲ ਪਹਿਲਾਂ ਵੀ ਮੁਨਸ਼ੀ ਨੂੰ ਕੀਤਾ ਗਿਆ ਸੀ ਕਾਬੂ
 ਕੁਝ ਸਾਲ ਪਹਿਲਾਂ ਵੀ ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ. ਨਰਿੰਦਰਪਾਲ ਸਿੰਘ ਸਿੱਧੂ ਨੇ ਇਸ ਪੁਲਸ ਚੌਕੀ ਦੇ ਮੁਨਸ਼ੀ ਸਰਬਜੀਤ ਸਿੰਘ ਨੂੰ 1500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੂੀਂ ਕਾਬੂ ਕੀਤਾ ਸੀ ਅਤੇ ਇਸ ਚੌਕੀ ’ਚ ਰਿਸ਼ਵਤ ਲੈਂਦਿਆਂ ਹੌਲਦਾਰ ਨੂੰ ਕਾਬੂ ਕਰਨ ਦੀ ਇਹ ਦੂਸਰੀ ਘਟਨਾ ਹੈ। 
 


Related News