ਹਰਸਿਮਰਤ ਨੇ ਮੋਦੀ ਸਰਕਾਰ ਦੇ 100 ਦਿਨ ਦੇ ਫੈਸਲਿਆਂ ਨੂੰ ਦੱਸਿਆ ਇਤਿਹਾਸਕ
Monday, Sep 09, 2019 - 11:07 PM (IST)

ਚੰਡੀਗੜ੍ਹ (ਸ਼ਰਮਾ)-ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ 'ਦੇਸ਼ ਸਭ ਤੋਂ ਪਹਿਲਾਂ' ਦੀ ਧਾਰਨਾ ਨੂੰ ਮੁੱਖ ਰੱਖਦਿਆਂ ਇਸ ਸਰਕਾਰ ਨੇ ਸੱਤਾ ਸੰਭਾਲੀ ਸੀ। ਆਪਣੇ ਸ਼ਾਸਨ ਦੇ ਪਹਿਲੇ 100 ਦਿਨਾਂ 'ਚ ਇਸ ਸਰਕਾਰ ਨੇ ਅਜਿਹੇ ਸ਼ਾਨਦਾਰ ਸਮਾਜਿਕ ਅਤੇ ਆਰਥਿਕ ਸੁਧਾਰ ਕੀਤੇ ਹਨ, ਜਿਨ੍ਹਾਂ ਨੂੰ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਪਹਿਲੇ 100 ਦਿਨ ਉਸੇ ਜੋਸ਼ੀਲੇ ਭਾਰਤ ਦੀ ਝਲਕ ਪੇਸ਼ ਕਰਦੇ ਹਨ। ਇਸ ਸਮੇਂ ਦੌਰਾਨ ਐੱਨ. ਡੀ. ਏ. ਸਰਕਾਰ ਨੇ ਇਤਿਹਾਸਕ ਫੈਸਲੇ ਲਏ। ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅੱਜ ਇਥੇ ਮੋਦੀ ਸਰਕਾਰ ਦੀਆਂ 100 ਦਿਨ ਦੀਆਂ ਪ੍ਰਾਪਤੀਆਂ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੰਤਰੀ ਨੇ ਐੱਨ. ਡੀ. ਏ. ਸਰਕਾਰ ਵਲੋਂ 100 ਦਿਨਾਂ ਅੰਦਰ ਲਏ ਵੱਡੇ ਫੈਸਲਿਆਂ ਬਾਰੇ ਇਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪੰਜਾਬੀ 'ਚ ਇਕ ਕਿਤਾਬਚਾ ਜਾਰੀ ਕੀਤਾ। ਇਸ ਕਿਤਾਬਚੇ ਵਿਚ ਮੋਦੀ ਸਰਕਾਰ ਵਲੋਂ ਪਿਛਲੇ 100 ਦਿਨਾਂ ਅੰਦਰ ਲਏ ਮੁੱਖ ਫੈਸਲਿਆਂ ਦਾ ਵੇਰਵਾ ਸ਼ਾਮਲ ਹੈ। ਉਨ੍ਹਾਂ ਨੇ ਇਸਰੋ ਵਿਖੇ ਪ੍ਰਤੀਬੱਧ ਸਾਇੰਸਦਾਨਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿਖਾਈ ਸੰਵੇਦਨਸ਼ੀਲਤਾ ਅਤੇ ਸਾਇੰਸਦਾਨਾਂ ਨੂੰ ਦਿੱਤੀ ਹੱਲਾਸ਼ੇਰੀ ਬਾਰੇ ਦੱਸਿਆ, ਜਿਸ ਨਾਲ ਦੇਸ਼ ਦੇ ਸਾਰੇ ਵਿਗਿਆਨੀਆਂ ਦਾ ਮਨੋਬਲ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਨਾਲ ਭਾਰਤ ਨੇ ਪੁਲਾੜ ਅੰਦਰ ਨਿੱਗਰ ਕਦਮ ਰੱਖੇ ਹਨ ਅਤੇ ਆਪਣੀ ਕੌਮਾਂਤਰੀ ਪਛਾਣ ਬਣਾਈ ਹੈ।
ਫੂਡ ਪ੍ਰੋਸੈਸਿੰਗ ਪ੍ਰੋਜੈਕਟਾਂ 'ਚ ਪੰਜਾਬ ਸਰਕਾਰ ਨਹੀਂ ਦਿਖਾ ਰਹੀ ਰੁਚੀ
ਹਰਸਿਮਰਤ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਵਲੋਂ ਰਾਜ ਵਿਚ ਫੂਡ ਪ੍ਰੋਸੈਸਿੰਗ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਕਦਮ ਹੀ ਨਹੀਂ ਉਠਾਏ ਜਾ ਰਹੇ ਬਲਕਿ ਪ੍ਰੋਜੈਕਟ ਵੀ ਮਨਜ਼ੂਰ ਕੀਤੇ ਜਾ ਰਹੇ ਹਨ ਪਰ ਲੱਗਦਾ ਹੈ ਕਿ ਰਾਜ ਸਰਕਾਰ ਇਨ੍ਹਾਂ ਵਿਚ ਰੁਚੀ ਨਹੀਂ ਦਿਖਾ ਰਹੀ ਹੈ, ਜਿਸ ਦਾ ਨੁਕਸਾਨ ਰਾਜ ਦੇ ਨਾਗਰਿਕਾਂ ਨੂੰ ਰੋਜ਼ਗਾਰ ਦੇ ਮੌਕੇ ਨਾ ਮਿਲਣ ਦੇ ਰੂਪ 'ਚ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲਾ ਵਲੋਂ ਰਾਜ ਲਈ 4 ਮੈਗਾ ਫੂਡ ਪਾਰਕ ਪ੍ਰੋਜੈਕਟ ਮਨਜ਼ੂਰ ਕੀਤੇ ਸਨ ਪਰ ਕੈਪਟਨ ਸਰਕਾਰ ਦੀ ਬੇਰੁਖੀ ਕਾਰਨ ਸਾਰਿਆਂ ਦਾ ਕੰਮ ਰੁਕਿਆ ਹੋਇਆ ਹੈ। ਲਾਡੋਵਾਲ ਫੂਡ ਪਾਰਕ ਦਾ ਉਦਘਾਟਨ ਪਿਛਲੇ 2 ਸਾਲ ਤੋਂ ਇਸ ਲਈ ਰੁਕਿਆ ਹੋਇਆ ਹੈ ਕਿ ਇਸ ਲਈ ਜ਼ਰੂਰੀ 10 ਲੱਖ ਦੀ ਇਕ ਮਸ਼ੀਨ ਤੇ ਬਿਜਲੀ ਦੇ ਕੁਨੈਕਸ਼ਨ ਨੂੰ ਕੈਪਟਨ ਸਰਕਾਰ ਯਕੀਨੀ ਨਹੀਂ ਕਰ ਪਾ ਰਹੀ।