ਉਦਯੋਗਪਤੀਆਂ ਦੇ ਹੱਕ ''ਚ ਡਟੇ ਹਰਿੰਦਰ ਧਾਲੀਵਾਲ, ਡੀ.ਸੀ. ਨੂੰ ਮਿਲ ਕੇ ਸਮੱਸਿਆ ਦਾ ਕਰਵਾਇਆ ਹੱਲ

Wednesday, Apr 23, 2025 - 03:05 PM (IST)

ਉਦਯੋਗਪਤੀਆਂ ਦੇ ਹੱਕ ''ਚ ਡਟੇ ਹਰਿੰਦਰ ਧਾਲੀਵਾਲ, ਡੀ.ਸੀ. ਨੂੰ ਮਿਲ ਕੇ ਸਮੱਸਿਆ ਦਾ ਕਰਵਾਇਆ ਹੱਲ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਸ਼ਹਿਰ ਵਿਚ ਲੱਗ ਰਹੇ ਬਿਜਲੀ ਕੱਟਾਂ ਦੀ ਸਮੱਸਿਆ ਨੂੰ ਲੈ ਕੇ ਉਦਯੋਗਪਤੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਏ ਅਤੇ ਖੁਦ ਅੱਗੇ ਲੱਗ ਕੇ ਬਿਜਲੀ ਦੀ ਸਮੱਸਿਆ ਨੂੰ ਪੱਕੇ ਤੌਰ 'ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਮੈਂਬਰਾਂ ਨੇ ਪ੍ਰਧਾਨ ਵਿਕਾਸ ਗੋਇਲ ਦੀ ਪ੍ਰਧਾਨਗੀ ਹੇਠ ਇੰਡਸਟਰੀ ਉੱਤੇ ਲੱਗ ਰਹੇ ਲੰਬੇ-ਲੰਬੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਐੱਸਈ ਪਾਵਰਕੌਮ ਤੇਜ ਬਾਂਸਲ ਨਾਲ ਮੁਲਾਕਾਤ ਕੀਤੀ।

ਵਫ਼ਦ ਨੇ ਉਨ੍ਹਾਂ ਨੂੰ ਦੱਸਿਆ ਕਿ ਇੰਡਸਟਰੀ ਪਹਿਲਾਂ ਹੀ ਮੰਦੀ ਦੀ ਮਾਰ ਵਿੱਚ ਚੱਲ ਰਹੀ ਹੈ ਅਤੇ ਉੱਪਰੋਂ ਪਾਵਰਕੌਮ ਵੱਲੋਂ ਲਗਾਏ ਜਾ ਰਹੇ ਕੱਟਾਂ ਨੇ ਸਥਿਤੀ ਹੋਰ ਵੀ ਬਦਤਰ ਕਰ ਦਿੱਤੀ ਹੈ। ਤੇਜ ਬਾਂਸਲ ਨੇ ਸਮੁੱਚੇ ਵਫ਼ਦ ਦੀ ਗੱਲ ਨੂੰ ਗੌਰ ਨਾਲ ਸੁਣਿਆ ਅਤੇ ਦੱਸਿਆ ਕਿ ਹੁਣ ਕਣਕ ਦੀ ਫਸਲ ਤਕਰੀਬਨ ਕੱਟੀ ਜਾ ਚੁੱਕੀ ਹੈ ਅਤੇ ਹੁਣ ਸ਼ਹਿਰ ਵਿੱਚ ਘੱਟ ਕੱਟ ਲਗਾਏ ਜਾਣਗੇ। ਸਿਰਫ ਜੋ ਕੱਟ ਪਟਿਆਲਾ ਤੋਂ ਪਾਵਰ ਕੰਟਰੋਲਰ ਵੱਲੋਂ ਆਉਣਗੇ, ਉਹੀ ਕੱਟ ਲਗਾਏ ਜਾਣਗੇ।

ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਸਰਕਾਰ ਵੰਡੇਗੀ Smart Phones, ਦੁੱਗਣੇ ਕੀਤੇ ਜਾਣਗੇ ਭੱਤੇ!

ਇਸ ਗਤੀਵਿਧੀ ਦਾ ਜਿਵੇਂ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਇੰਡਸਟਰੀ ਚੈਂਬਰ ਦੇ ਮੈਂਬਰਾਂ ਦੀ ਡਿਪਟੀ ਕਮਿਸ਼ਨਰ ਟੀ ਬੈਨਿਥ ਨਾਲ ਮੁਲਾਕਾਤ ਫਿਕਸ ਕਰਵਾਈ ਅਤੇ ਖੁਦ ਇੰਡਸਟਰੀ ਚੈਂਬਰ ਦੇ ਮੈਂਬਰਾਂ ਦੇ ਵਫ਼ਦ ਨਾਲ ਡਿਪਟੀ ਕਮਿਸ਼ਨਰ ਨੂੰ ਮਿਲੇ। ਡਿਪਟੀ ਕਮਿਸ਼ਨਰ ਨੂੰ ਵਫ਼ਦ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਵਿਚ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਦਿਨ ਵਿੱਚ ਚਾਰ ਗਰਿੱਡ ਨਵੇਂ ਬਣਾਉਣ ਦੀ ਤੁਰੰਤ ਲੋੜ ਹੈ। ਬਿਜਲੀ ਬੋਰਡ ਵੀ ਇਸ ਲਈ ਤਿਆਰ ਹੈ ਪਰ ਜਗ੍ਹਾ ਨਾ ਮਿਲਣ ਕਾਰਨ ਇਹ ਕੰਮ ਰੁਕਿਆ ਹੋਇਆ ਹੈ।

ਡਿਪਟੀ ਕਮਿਸ਼ਨਰ ਨੇ ਤੁਰੰਤ ਪਾਵਰਕਾਮ ਦੇ ਐੱਸ.ਈ. ਤੇਜ ਬਾਂਸਲ ਨੂੰ ਜਗ੍ਹਾ ਦੱਸਣ ਬਾਰੇ ਕਿਹਾ ਅਤੇ ਵਫ਼ਦ ਨੂੰ ਆਖਿਆ ਕਿ ਉਹ ਤੁਰੰਤ ਤਹਿਸੀਲਦਾਰ ਦੀ ਡਿਊਟੀ ਲਗਾਉਣਗੇ ਅਤੇ ਬਹੁਤ ਜਲਦ ਜਗ੍ਹਾ ਦਾ ਪ੍ਰਬੰਧ ਕਰਕੇ ਗਰਿੱਡ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਦਯੋਗਪਤੀ ਸੂਬੇ ਦੇ ਆਰਥਿਕ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਵਫ਼ਦ ਵਿੱਚ ਪ੍ਰਧਾਨ ਵਿਕਾਸ ਗੋਇਲ, ਚੇਅਰਮੈਨ ਵਿਜੇ ਗਰਗ, ਵਿਵੇਕ ਸਿੰਧਵਾਨੀ, ਜਨਰਲ ਸਕੱਤਰ ਹਰੀਸ਼ ਗੋਇਲ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਸ਼ੰਮੀ ਗੋਇਲ, ਜਤਿੰਦਰ ਗੋਇਲ, ਮਾਨਵ ਬਾਂਸਲ, ਕਰਨੈਲ ਸਿੰਘ ਗਿੱਲ,ਸੇਵਕ ਭੰਮ,ਕੁਸ਼ਲ ਕੁਮਾਰ, ਦਿਨੇਸ਼ ਜੈਨ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਸਨ। ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਉਹ ਇਸ ਮੁੱਦੇ ਨੂੰ ਲੈ ਕੇ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਹਨ। ਉਦਯੋਗਪਤੀਆਂ ਨੇ ਹਰਿੰਦਰ ਸਿੰਘ ਧਾਲੀਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸੂਬੇ ਦੇ ਵਿਕਾਸ ਵਿਚ ਆਪਣਾ ਪੂਰਾ ਯੋਗਦਾਨ ਦੇਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News