ਆਂਗਨਵਾੜੀ ਵਰਕਰਾਂ ਨੂੰ ਮਿਲੇ ਪ੍ਰੀ ਨਰਸਰੀ ਟੀਚਰ ਦਾ ਦਰਜਾ: ਹਰਗੋਬਿੰਦ ਕੌਰ

01/16/2019 2:37:36 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਆਲ ਪੰਜਾਬ ਆਂਗਨਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਸੂਬਾਈ ਆਗੂ ਸ਼ਿੰਦਰਪਾਲ ਕੌਰ ਥਾਂਦੇਵਾਲਾ, ਦਲਜਿੰਦਰ ਕੌਰ, ਗੁਰਮੀਤ ਕੌਰ, ਬਲਵੀਰ ਕੌਰ ਆਦਿ ਨੇ ਪ੍ਰੀ-ਨਰਸਰੀ ਜਮਾਤਾਂ ਆਂਗਨਵਾੜੀ ਸੈਂਟਰਾਂ 'ਚ ਚਲਾਉਣ ਅਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦੇਣ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਨਰਸਰੀ ਜਮਾਤਾਂ ਸ਼ੁਰੂ ਕਰਨ ਦਾ ਫੈਸਲਾ ਸਿਰਫ ਪੰਜਾਬ ਸਰਕਾਰ ਨੇ ਹੀ ਲਿਆ ਹੈ ਜਦਕਿ ਦੇਸ਼ ਦੇ ਕਿਸੇ ਵੀ ਹੋਰ ਸੂਬੇ 'ਚ ਅਜਿਹਾ ਨਹੀਂ। ਕੇਂਦਰੀ ਸਿੱਖਿਆ ਸਕੱਤਰ ਅਤੇ ਆਂਗਨਵਾੜੀ ਮਹਿਕਮੇਂ ਦੇ ਕੇਂਦਰ ਸਕੱਤਰ ਵਲੋਂ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਚਿੱਠੀਆਂ ਭੇਜੀਆਂ ਹਨ ਕਿ ਪ੍ਰੀ-ਸਕੂਲ ਸਿੱਖਿਆ ਵਰਕਰਾਂ ਸੈਂਟਰਾਂ 'ਚ ਹੀ ਦੇਣਗੀਆਂ ਪਰ ਪੰਜਾਬ ਸਰਕਾਰ ਕੇਂਦਰ ਦੇ ਹੁਕਮਾਂ ਨੂੰ ਨਜ਼ਰ ਅੰਦਾਜ ਕਰ ਰਹੀ ਹੈ।  

ਸਮੇਂ ਦੀਆਂ ਸਰਕਾਰਾਂ ਨੇ ਨਹੀਂ ਕੀਤਾ ਪੱਕਾ 
ਭਾਵੇਂ 44 ਸਾਲਾਂ ਤੋਂ ਵਰਕਰਾਂ ਤੇ ਹੈਲਪਰਾਂ ਕੰਮ ਕਰ ਰਹੀਆਂ ਹਨ ਪਰ ਸਰਕਾਰਾਂ ਵਲੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਅਜੇ ਤੱਕ ਸਰਕਾਰੀ ਮੁਲਾਜਮ ਦਾ ਦਰਜਾ ਵੀ ਨਹੀਂ ਦਿੱਤਾ। 2 ਅਕਤੂਬਰ 1975 ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਕੇਂਦਰ ਸਰਕਾਰ ਨੇ ਛੋਟੇ ਬੱਚਿਆਂ ਦੇ ਵਿਕਾਸ ਲਈ ਆਈ.ਸੀ.ਡੀ.ਐੱਸ. ਸਕੀਮ ਸ਼ੁਰੂ ਕਰਕੇ 6 ਸੇਵਾਵਾਂ ਦਿੱਤੀਆਂ ਹਨ, ਜਿੰਨਾਂ 'ਚੋਂ ਪ੍ਰੀ-ਸਕੂਲ ਸਿੱਖਿਆ ਇਕ ਸੇਵਾ ਹੈ। ਦੇਸ਼ ਭਰ 'ਚ ਇਸ ਸਕੀਮ ਦੇ ਤਹਿਤ 28 ਲੱਖ ਆਂਗਨਵਾੜੀ ਕੇਂਦਰ ਅਤੇ ਪੰਜਾਬ 'ਚ 27 ਹਜ਼ਾਰ 600 ਕੇਂਦਰ ਚਲਾਏ ਜਾ ਰਹੇ ਹਨ। ਸੂਬੇ ਭਰ ਦੀਆਂ ਵਰਕਰਾਂ ਤੇ ਹੈਲਪਰਾਂ ਦਾ ਕਹਿਣਾ ਹੈ ਕਿ ਜਦ ਅਸੀਂ ਪ੍ਰੀ-ਸਕੂਲ ਸਿੱਖਿਆ ਦੇ ਰਹੀਆਂ ਹਾਂ ਤਾਂ ਹੁਣ ਸਕੂਲਾਂ 'ਚ ਜਮਾਤਾਂ ਸ਼ੁਰੂ ਕਰਨ ਦਾ ਕੀ ਤਰਕ ਹੈ। ਆਗੂਆਂ ਨੇ ਕਿਹਾ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ, ਮੁੱਖ ਮੰਤਰੀਆਂ, ਰਾਜਪਾਲਾ, ਮੈਂਬਰ ਪਾਰਲੀਮੈਂਟ ਤੇ ਵਿਧਾਇਕਾਂ ਆਦਿ ਦੀਆਂ ਤਨਖਾਹਾਂ 'ਚ ਤਾਂ ਵਾਧਾ ਕਰ ਦਿੱਤਾ ਗਿਆ ਹੈ ਪਰ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬਹੁਤ ਘੱਟ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜਿਨਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਸ ਸਮੇਂ ਤੱਕ ਇਹ ਸੰਘਰਸ਼ ਜਾਰੀ ਰਹੇਗਾ।


rajwinder kaur

Content Editor

Related News