ਉਧਾਰ ਦਿੱਤਾ ਹਜ਼ਾਰ ਰੁਪਈਆ ਮੰਗਣਾ ਪਿਆ ਮਹਿੰਗਾ, ਦੋਸਤ ਨੇ ਹੀ ਕਰ ਦਿੱਤਾ ਕਤਲ

Tuesday, Oct 24, 2023 - 01:00 PM (IST)

ਉਧਾਰ ਦਿੱਤਾ ਹਜ਼ਾਰ ਰੁਪਈਆ ਮੰਗਣਾ ਪਿਆ ਮਹਿੰਗਾ, ਦੋਸਤ ਨੇ ਹੀ ਕਰ ਦਿੱਤਾ ਕਤਲ

ਮੋਹਾਲੀ (ਸੰਦੀਪ) : ਮੋਹਾਲੀ ਦੇ ਰਹਿਣ ਵਾਲੇ ਅਨਿਲ ਕੁਮਾਰ (18) ਨੂੰ ਆਪਣੇ ਦੋਸਤ ਨੂੰ ਉਧਾਰ ਦਿੱਤੇ ਇਕ ਹਜ਼ਾਰ ਰੁਪਏ ਵਾਪਸ ਮੰਗਣਾ ਮਹਿੰਗਾ ਪੈ ਗਿਆ। ਦੋਸਤ ਨੇ ਪੈਸੇ ਦੇਣ ਦੇ ਬਹਾਨੇ ਉਸ ਨੂੰ ਸੜਕ ’ਤੇ ਬੁਲਾਇਆ ਅਤੇ ਤੇਜ਼ਧਾਰ ਚਾਕੂ ਨਾਲ ਉਸ ਦੀ ਗਰਦਨ ’ਤੇ ਵਾਰ ਕਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਰੋਹਿਤ ਮੌਕੇ ਤੋਂ ਫਰਾਰ ਹੋ ਗਿਆ। ਹਸਪਤਾਲ ਵਿਚ ਇਲਾਜ ਦੌਰਾਨ ਅਨਿਲ ਦੀ ਮੌਤ ਹੋ ਗਈ।

ਪੁਲਸ ਨੇ ਮ੍ਰਿਤਕ ਅਨਿਲ ਕੁਮਾਰ ਦੇ ਭਰਾ ਧਰਮਿੰਦਰ ਦੇ ਬਿਆਨਾਂ ਦੇ ਆਧਾਰ ’ਤੇ ਕਾਤਲ ਰੋਹਿਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ 'ਚ ਛਾਪੇਮਾਰੀ ਕਰਕੇ ਉਸ ਨੂੰ ਬੜਮਾਜਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਨੂੰ ਦਿੱਤੇ ਬਿਆਨਾਂ 'ਚ ਧਰਮਿੰਦਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ, ਉਸ ਦਾ ਛੋਟਾ ਭਰਾ ਅਨਿਲ ਆਪਣੇ ਪਿਤਾ ਨਾਲ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ 60 ਫੁੱਟ ਦਾ ਰਾਵਣ ਕੀਤਾ ਜਾਵੇਗਾ ਅਗਨ ਭੇਟ

ਧਰਮਿੰਦਰ ਨੇ ਦੱਸਿਆ ਕਿ ਰੋਹਿਤ ਉਸ ਦਾ ਦੋਸਤ ਹੈ ਅਤੇ ਉਹ ਉਸ ਦੇ ਘਰ ਨੇੜੇ ਇਕ ਕੰਪਨੀ ਵਿਚ ਕੰਮ ਕਰਦਾ ਹੈ। ਅਨਿਲ ਨੇ ਉਸ ਨੂੰ ਦੱਸਿਆ ਸੀ ਕਿ ਰੋਹਿਤ ਨੇ ਕੁਝ ਦਿਨ ਪਹਿਲਾਂ ਉਸ ਤੋਂ ਇਕ ਹਜ਼ਾਰ ਰੁਪਏ ਉਧਾਰ ਲਏ ਸਨ। ਐਤਵਾਰ ਸ਼ਾਮ ਨੂੰ ਅਨਿਲ ਅਤੇ ਉਸ ਦੀ ਮਾਂ ਕੁਸੁਮ ਗਲੀ ’ਚ ਬੈਠੇ ਸਨ। ਇਸ ਦੌਰਾਨ ਰੋਹਿਤ ਗਲੀ ਵਿਚੋਂ ਲੰਘ ਰਿਹਾ ਸੀ। ਅਨਿਲ ਨੇ ਰੋਹਿਤ ਨੂੰ ਕਿਹਾ ਕਿ ਦੁਸਹਿਰਾ ਆ ਰਿਹਾ ਹੈ, ਉਸਦੇ ਪੈਸੇ ਵਾਪਸ ਕਰ ਦਿਓ। ਇਸ ’ਤੇ ਰੋਹਿਤ ਨੇ ਉਸ ਨੂੰ ਕਿਹਾ ਕਿ ਉਹ 10 ਤੋਂ 15 ਮਿੰਟ ’ਚ ਪੈਸੇ ਲੈ ਕੇ ਆ ਰਿਹਾ ਹੈ। ਕੁਝ ਦੇਰ ਬਾਅਦ ਰੋਹਿਤ ਨੇ ਅਨਿਲ ਨੂੰ ਸੜਕ ’ਤੇ ਬੁਲਾਇਆ। ਜਿਵੇਂ ਹੀ ਅਨਿਲ ਉਸ ਕੋਲ ਪਹੁੰਚਿਆ ਤਾਂ ਉਸ ਨੇ ਉਸ ਦੀ ਗਰਦਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਵਾਰਦਾਤ ਨੂੰ ਅੰਜਾਮ ਦਿੰਦਿਆਂ ਹੀ ਰੋਹਿਤ ਮੌਕੇ ਤੋਂ ਫਰਾਰ ਹੋ ਗਿਆ, ਜਦ ਕਿ ਅਨਿਲ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਗਿਆ। ਉਸ ਨੂੰ ਤੁਰੰਤ ਫੇਜ਼-6 ਸਥਿਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਜਾਂਚ ਦੇ ਆਧਾਰ ’ਤੇ ਮੁਲਜ਼ਮ ਰੋਹਿਤ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰ ਲਿਆ ਹੈ। ਫੇਜ਼-1 ਥਾਣਾ ਇੰਚਾਰਜ ਦੀ ਅਗਵਾਈ ਵਿਚ ਟੀਮ ਨੇ ਮੁਲਜ਼ਮ ਦੀ ਭਾਲ ਵਿਚ ਛਾਪਾ ਮਾਰ ਕੇ ਉਸ ਨੂੰ ਬੜਮਾਜਰਾ ਤੋਂ ਕਾਬੂ ਕਰ ਲਿਆ।

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anuradha

Content Editor

Related News