ਸਰਕਾਰ ਮੰਡੀਆਂ ’ਚ ਕਿਸਾਨਾਂ ਦੀ ਭੀਡ਼ ਘੱਟ ਕਰਨ ਲਈ ਫਸਲ ਦੀ ਟਰਾਲੀ ਤੋਲ ਕੇ ਉਤਾਰੇ : ਲੱਖੋਵਾਲ

04/14/2020 12:50:59 AM

ਮਾਛੀਵਾਡ਼ਾ ਸਾਹਿਬ, (ਟੱਕਰ, ਸਚਦੇਵਾ)- ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਮੰਡੀਆਂ ’ਚ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਦੀਆਂ ਟਰਾਲੀਆਂ ਤੋਲ ਕੇ ਮੰਡੀਆਂ ’ਚ ਉਤਾਰ ਲਵੇ, ਜਿਸ ਨਾਲ ਭੀਡ਼ ਘਟੇਗੀ ਅਤੇ ਕੋਰੋਨਾ ਵਾਇਰਸ ਤੋਂ ਵੀ ਸਭ ਦਾ ਬਚਾਅ ਹੋਵੇਗਾ। ਪ੍ਰੈਸ ਬਿਆਨ ਜਾਰੀ ਕਰਦਿਆਂ ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਖਰੀਦ ਦਾ ਜੋ ਟੋਕਨ ਸਿਸਟਮ ਬਣਾਇਆ ਹੈ ਉਸ ਨਾਲ ਕਿਸਾਨ ਇਕ ਟਰਾਲੀ ’ਚ ਕੇਵਲ 50 ਕੁਇੰਟਲ ਕਣਕ ਹੀ ਲਿਜਾ ਸਕੇਗਾ ਅਤੇ ਬਾਕੀ ਦੀ ਫਸਲ ਰੱਖਣ ਲਈ ਕਿਸਾਨਾਂ ਕੋਲ ਘਰਾਂ ’ਚ ਕੋਈ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖੇਤਾਂ ’ਚ ਵੀ ਫਸਲ ਦਾ ਢੇਰ ਲਗਾਉਂਦਾ ਹੈ ਤਾਂ ਉਥੇ ਵੀ ਮੀਂਹ, ਅੱਗ ਤੇ ਚੋਰੀ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਕਿਸਾਨ ਯੂਨੀਅਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਕ ਤਾਂ ਟਰਾਲੀ ਦਾ ਵਜ਼ਨ 100 ਕੁਇੰਟਲ ਕੀਤਾ ਜਾਵੇ ਅਤੇ ਕਣਕ ਦੀ ਖਰੀਦ 20 ਦਿਨਾਂ ਅੰਦਰ ਪੂਰੀ ਕੀਤੀ ਜਾਵੇ। ਕਿਸਾਨ ਆਗੂ ਲੱਖੋਵਾਲ ਨੇ ਕਿਹਾ ਕਿ ਸਭ ਤੋਂ ਵਧੀਆ ਸੁਝਾਅ ਤਾਂ ਇਹ ਹੈ ਕਿ ਸਰਕਾਰ ਕਿਸਾਨਾਂ ਦੀਆਂ ਫਸਲ ਨਾਲ ਭਰੀਆਂ ਟਰਾਲੀਆਂ ਕੰਡੇ ’ਤੇ ਤੁਲਵਾ ਕੇ ਸਿੱਧੀ ਮੰਡੀ ਢੇਰੀ ਕਰਵਾਏ ਅਤੇ ਉਸ ਤੋਂ ਬਾਅਦ ਮਜ਼ਦੂਰ ਸਫ਼ਾਈ ਕਰ ਉਸਨੂੰ ਬੋਰੀਆਂ ’ਚ ਭਰ ਦੇਣਗੇ। ਇਸ ਵਿਧੀ ਰਾਹੀਂ ਜਿੱਥੇ ਕਿਸਾਨ ਜਲਦ ਵਿਹਲਾ ਹੋਵੇਗਾ ਉੱਥੇ ਮੰਡੀਆਂ ’ਚ ਇਕੱਠ ਵੀ ਨਹੀਂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਕਿਸਾਨ ਦੀ ਫਸਲ ਇਕ ਮਹੀਨਾ ਦੇਰੀ ਨਾਲ ਖਰੀਦੇਗੀ ਤਾਂ ਉਸ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ।


Bharat Thapa

Content Editor

Related News