ਗੋਲੀਕਾਂਡ ''ਚ ਮਾਰੇ ਗਏ ਦਲਿਤ ਨੌਜਵਾਨ ਦੀ ਮਾਂ ਦੀ ਚਿਤਾਵਨੀ: ਇਨਸਾਫ਼ ਨਾ ਮਿਲਿਆ ਤਾਂ ਧੀ ਸਮੇਤ ਕਰਾਂਗੀ ਖ਼ੁਦਕੁਸ਼ੀ
Wednesday, Oct 21, 2020 - 06:02 PM (IST)
 
            
            ਮਲੋਟ(ਜੁਨੇਜਾ):ਪਿਛਲੇ ਦਿਨੀਂ ਮਲੋਟ ਵਿਖੇ ਵਾਪਰੇ ਗੋਲੀਕਾਂਡ 'ਚ ਜਾਨ ਗਵਾਉਣ ਵਾਲੇ ਦਲਿਤ ਨੌਜਵਾਨ ਜਤਿੰਦਰ ਕੁਮਾਰ ਬਬਲੂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਇਨਸਾਫ਼ ਦਿਵਾਊ ਸੰਘਰਸ਼ ਕਮੇਟੀ ਵਲੋਂ ਅੱਜ ਮਲੋਟ ਦੇ ਬਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਵੱਖ-ਵੱਖ ਦਲਿਤ ਅਤੇ ਬੀ.ਸੀ. ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਇਹ ਰੋਸ ਮਾਰਚ ਖਟੀਕ ਧਰਮਸ਼ਾਲਾ ਬੁਰਜਾ ਰੋਡ ਫਾਟਕ ਤੋਂ ਸ਼ੁਰੂ ਹੋ ਕੇ ਇੰਦਰਾ ਰੋਡ, ਮੇਨ ਬਾਜ਼ਾਰ, ਸੁਪਰ ਬਾਜ਼ਾਰ, ਤਹਿਸੀਲ ਰੋਡ, ਕੈਰੋਂ ਰੋਡ ਸਮੇਤ ਬਜ਼ਾਰਾਂ 'ਚੋਂ ਲੰਘ ਕਿ ਵਾਪਸ ਖਟੀਕ ਧਰਮਸ਼ਾਲਾ ਖਤਮ ਹੋਇਆ। ਰੋਸ ਮਾਰਚ ਵਿਚ ਸ਼ਾਮਲ ਵਿਅਕਤੀਆਂ ਦੇ ਹੱਥਾਂ 'ਚ ਬੈਨਰ ਅਤੇ ਤਖ਼ਤੀਆਂ ਫੜ੍ਹੀਆਂ ਹੋਈਆਂ ਸੀ ਜਿਨ੍ਹਾਂ 'ਤੇ ਬਬਲੂ ਦੇ ਪਰਿਵਾਰ ਨੂੰ ਮਾਲੀ ਮਦਦ ਸਮੇਤ ਮੰਗਾਂ ਲਿਖੀਆਂ ਹੋਈਆਂ ਸਨ। ਇਸ ਦਰਮਿਆਨ ਤਹਿਸੀਲ ਚੌਂਕ ਵਿਚ ਕੀਤੇ ਪ੍ਰਦਰਸ਼ਨ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਬਲੂ ਦੇ ਪਰਿਵਾਰ ਨੂੰ 50 ਲੱਖ ਦੀ ਮਾਲੀ ਮਦਦ ਦਿੱਤੀ ਜਾਵੇ। ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਕਤਲ ਮਾਮਲੇ ਦੀ ਦਰਜ ਐੱਫ.ਆਈ.ਆਰ. 'ਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਮੁੱਦਈ ਬਣਾਇਆ ਜਾਵੇ।
ਇਹ ਵੀ ਪੜ੍ਹੋ: ਸ਼ਰਮਸਾਰ: 10ਵੀਂ 'ਚ ਪੜ੍ਹਦੀ ਨਾਬਾਲਗ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ, ਸਦਮੇ 'ਚ ਪਰਿਵਾਰ
ਰੋਸ ਮਾਰਚ ਤੋਂ ਪਹਿਲਾਂ ਧਰਮਸ਼ਾਲਾ ਵਿਚ ਸੰਘਰਸ਼ ਕਮੇਟੀ ਦੀ ਮੀਟਿੰਗ ਮੌਕੇ ਬੋਲਦਿਆਂ ਅਸ਼ੋਕ ਮਹਿੰਦਰਾ ਅਤੇ ਚਿਮਨ ਲਾਲ ਬਾਗੜੀ ਸਮੇਤ ਆਗੂਆਂ ਨੇ ਕਿਹਾ ਪਰਿਵਾਰ ਨਾਲ ਅਜੇ ਤੱਕ ਹਲਕੇ ਦੇ ਵਿਧਾਇਕ ਡਿਪਟੀ ਸਪੀਕਰ ਅਜਾਇਬ ਸਿੰਘ ਨੇ ਫੋਨ ਤੇ ਹਮਦਰਦੀ ਨਹੀਂ ਪ੍ਰਗਟਾਈ ਜਿਸ ਤੋਂ ਪ੍ਰਸਾਸ਼ਨ ਅਤੇ ਸਰਕਾਰ ਦੀ ਬੇਰੁਖੀ ਸਾਫ ਝਲਕਦੀ ਹੈ। ਉਹਨਾਂ ਕਿਹਾ ਜਿਸ ਦੁਕਾਨ ਵਿਚ ਬਬਲੂ ਦੀ ਮੌਤ ਹੋਈ ਹੈ ਉਹਨਾਂ ਵੱਲੋਂ ਮ੍ਰਿਤਕ ਪਰਿਵਾਰ ਨਾਲ ਬਣਾਈ ਦੂਰੀ ਕਰਕੇ ਪਰਿਵਾਰ ਵਿਚ ਰੋਸ ਹੈ ਇਸ ਲਈ ਇਨਸਾਫ਼ ਨਾ ਮਿਲਨ ਤੱਕ ਉਹ ਦੁਕਾਨ ਚੱਲਣ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਮ੍ਰਿਤਕ ਦੀ ਮਾਂ ਕੁਛੱਲਿਆ ਦੇਵੀ ਨੇ ਕਿਹਾ ਕਿ ਪਰਿਵਾਰ ਦਾ ਸਹਾਰਾ ਤੁਰ ਜਾਣ ਕਰਕੇ ਉਹ ਬੇਸਹਾਰਾ ਹੋ ਗਏ ਹਨ ਅਗਰ ਪ੍ਰਸਾਸ਼ਨ ਨੇ ਮੰਗਾਂ ਨਾ ਮੰਨੀਆਂ ਤਾਂ ਆਪਣੀ ਧੀ ਨੂੰ ਲੈਕੇ ਖੁਦਕਸ਼ੀ ਕਰੇਗੀ।
ਇਹ ਵੀ ਪੜ੍ਹੋ: ਝੋਨੇ ਦੀ ਪਰਾਲੀ ਦੇ ਮਸਲੇ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਵੱਡਾ ਐਲਾਨ

ਇਸ ਮੌਕੇ ਜੈਲਾ ਰਾਮ ਸਾਮਰੀਆ, ਸਵਰਨ ਸਿੰਘ ਖੋਖਰ, ਸਤੀਸ਼ ਮੋਹਲਾਂ, ਲੱਖੂਜੀ ਰਾਜ ਰਜੋਰੀਆ, ਪਵਨ ਰੁਹਾਨੀ, ਸੁਦੇਸ਼ਪਾਲ ਸਿੰਘ , ਸੂਰਜ ਰਾਮ ਚਾਵਲਾ,ਵਿਸ਼ਵ ਦਿਆਲ ਨਾਵਰੀਆ, ਵਿਨੋਦ ਕੁਮਾਰ, ਵਿਜੈ ਕੁਮਾਰ ਐਮ ਸੀ,ਬਿਮਲਾ ਰਾਣੀ ਐਮ ਸੀ ਸਮੇਤ ਇਨਸਾਫ਼ ਕਮੇਟੀ ਮੈਂਬਰ ਹਾਜਰ ਸਨ। ਜ਼ਿਕਰਯੋਗ ਹੈ ਕਿ ਸਕੂਲ ਵਿਚ ਲੱਗੇ ਇਕ ਕਲਰਕ ਗੁਰਸੇਵਕ ਭੱਟੀ ਵੱਲੋਂ ਆਪਣੇ ਹੀ ਸਕੂਲ ਦੀ ਮਹਿਲਾ ਲੈਕਚਰਾਰ ਹਰਪ੍ਰੀਤ ਕੌਰ ਅਤੇ ਉਸ ਦੀ ਸੱਸ ਉਪਰ ਅੰਨੇਵਾਹ ਗੋਲੀਆਂ ਚਲਾਉਣ ਤੋਂ ਬਾਅਦ ਅਧਿਆਪਕਾਂ ਦੇ ਪਤੀ ਅਤੇ ਭਰਾ ਉਪਰ ਹਮਲਾ ਕਰਨ ਲਈ ਉਸਦੇ ਭਰਾ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਜਿਸ ਵਿਚ ਦੁਕਾਨ ਤੇ ਕੰਮ ਕਰਨ ਵਾਲੇ ਦਲਿਤ ਨੌਜਵਾਨ ਜਤਿੰਦਰ ਕੁਮਾਰ ਬਬਲੂ ਦੀ ਮੌਕੇ ਤੇ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਲੋਕਾਂ ਲਈ ਸਿਰਦਰਦ ਬਣੇ ਸ਼ਾਤਰ ਚੋਰਾਂ ਦੇ ਅਜੀਬੋ-ਗ਼ਰੀਬ ਕਾਰਨਾਮੇ, ਜਦੋਂ ਚੜ੍ਹੇ ਪੁਲਸ ਹੱਥੇ ਤਾਂ ਖੁੱਲ੍ਹੇ ਸਾਰੇ ਭੇਤ
ਇਸ ਤੇ ਦਲਿਤ ਪਰਿਵਾਰ ਵਿਚ ਰੋਸ ਸੀ ਕਿ ਉਹਨਾਂ ਦੇ ਪਰਿਵਾਰ ਦੇ ਇਕਲੋਤੇ ਸਹਾਰੇ ਦੀ ਮੌਤ ਹੋ ਜਾਣ ਤੋਂ ਬਾਅਦ ਨਾ ਤਾਂ ਮਾਲਕਾਂ ਨੇ ਕੋਈ ਸਾਰ ਲਈ ਨਾ ਪ੍ਰਸਾਸ਼ਨ ਨੇ। ਜਿਸ ਕਰਕੇ ਪਰਿਵਾਰ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਕਰਕੇ ਮ੍ਰਿਤਕ ਦੇ ਪਰਿਵਾਰ ਦੀ ਸਹਾਇਤਾਂ ਲਈ ਅਤੇ ਉਸਨੂੰ ਇਨਸਾਫ਼ ਦਿਵਾਉਣ ਲਈ ਵੱਖ ਵੱਖ ਜਥੇਬੰਦੀਆਂ ਨੇ 31 ਮੈਬਰੀ ਸੰਘਰਸ਼ ਕਮੇਟੀ ਬਣਾਈ ਗਈ ਜਿਸ ਵੱਲੋਂ ਅੱਜ ਰੋਸ ਮਾਰਚ ਕੱਢਿਆ ਅਤੇ ਅਗਲੇ ਸੰਘਰਸ਼ ਦੀ ਰਣਨੀਤੀ ਬਣਾਈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            