ਭਾਰਤ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ : ਬਾਦਲ
Friday, Mar 01, 2019 - 05:24 PM (IST)
ਗਿੱਦੜਬਾਹਾ (ਜਿੰਦਲ) - ਪੱਕਾ ਕਰਨ ਦੀ ਮੰਗ ਨੂੰ ਲੈ ਕੇ ਨਰਸ ਕਰਮਜੀਤ ਕੌਰ ਅਤੇ ਬਲਜੀਤ ਕੌਰ ਵਲੋਂ ਰਾਜਿੰਦਰਾ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਦਿੱਤੀ ਸੀ, ਜਿਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਫਸੋਸ ਵਾਲੀ ਗੱਲ ਦੱਸਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਸਾਰਿਆਂ ਨਾਲ ਮਿਲ ਕੇ ਮੀਟਿੰਗ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਕਰਨ ਨਾਲ ਮਸਲੇ ਦਾ ਹੱਲ ਜ਼ਰੂਰ ਨਿਕਲ ਜਾਵੇਗਾ।
ਬਾਦਲ ਪਿੰਡ ਵਿਖੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਪ੍ਰਕਾਸ਼ ਸਿੰਘ ਬਾਦਲ ਨੇ ਨਰਿੰਦਰ ਮੋਦੀ ਵਲੋਂ ਪਾਕਿ ਨੂੰ ਦਿੱਤੇ ਮੂੰਹ ਤੋੜ ਜਵਾਬ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਾਕਿ 'ਤੇ ਹਮਲਾ ਨਹੀਂ ਕਰਵਾਇਆ ਸਗੋਂ ਪਾਕਿ 'ਚ ਬਣੇ ਅੱਤਵਾਦੀਆਂ ਦੇ ਅੱਡਿਆਂ 'ਤੇ ਹਮਲਾ ਕਰਵਾਇਆ ਹੈ। ਅਜਿਹਾ ਕਰਨ 'ਤੇ ਪਾਕਿ ਨੂੰ ਪਤਾ ਲੱਗ ਗਿਆ ਹੈ ਕਿ ਹੁਣ ਭਾਰਤ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ। ਲੋਕ ਸਭਾ ਚੋਣਾਂ 'ਤੇ ਉਨ੍ਹ੍ਹਾਂ ਕਿਹਾ ਕਿ ਦੇਸ਼ ਨੂੰ ਇਕ ਚੰਗੇ ਪ੍ਰਧਾਨ ਮੰਤਰੀ ਦੀ ਲੋੜ ਹੈ ਪਰ ਮੋਦੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਮੋਦੀ ਨੇ ਬਿਨਾਂ ਕਿਸੇ ਨੁਕਸਾਨ ਤੋਂ ਸਾਰਿਆਂ ਮਸਲਿਆਂ ਦਾ ਹੱਲ ਕੀਤਾ ਹੈ।
