ਗਿੱਦੜਬਾਹਾ ਦੇ ਨੇੜਲੇ ਪਿੰਡ ਹੁਸਨਰ ਦੇ ਰਹਿਣ ਵਾਲੇ ਫੌਜੀ ਦੀ ਗੋਲੀ ਲੱਗਣ ਕਾਰਨ ਮੌਤ

07/18/2018 7:25:54 AM

ਮੁਕਤਸਰ—ਗਿੱਦੜਬਾਹਾ ਦੇ ਨੇੜਲੇ ਪਿੰਡ ਹੁਸਨਰ ਦੇ ਰਹਿਣ ਵਾਲੇ ਫੌਜ ਦੇ ਜਵਾਨ ਰਣਵੀਰ ਸਿੰਘ ਪੁੱਤਰ ਸੂਬਾ ਸਿੰਘ ਦੀ ਜੰਮੂ ਦੇ ਅਖ਼ਨੂਰ ਸੈਕਟਰ ਵਿਖੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਮੰਗਲਵਾਰ ਨੂੰ ਪਿੰਡ ਹੁਸਨਰ ਦੇ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਮ੍ਰਿਤਕ ਫੌਜੀ ਜਵਾਨ ਰਣਵੀਰ ਸਿੰਘ ਦਾ ਅੰਤਿਮ ਸੰਸਕਾਰ ਕਰ ਕੀਤਾ ਗਿਆ। ਮ੍ਰਿਤਕ ਰਣਵੀਰ ਸਿੰਘ ਨੂੰ ਉਸ ਦੇ ਛੋਟੇ ਭਰਾ ਨਿੱਕਾ ਸਿੰਘ ਜੋ ਕਿ ਖੁਦ ਫੌਜ 'ਚ ਨੌਕਰੀ ਕਰ ਰਿਹਾ ਹੈ, ਨੇ ਆਪਣੇ ਵੱਡੇ ਭਾਈ ਨੂੰ ਮੁੱਖ ਅਗਨੀ ਦਿੱਤੀ । 
ਜਦਕਿ ਸਿਵਲ ਪ੍ਰਸ਼ਾਸਨ ਵਲੋਂ ਐੱਸ. ਡੀ. ਐੱਮ. ਡਾ. ਨਰਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਿੰਦਰ ਸਿੰਘ, ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਲ ਤੇ ਐੱਸ. ਐੱਚ. ਓ. ਕੇਵਲ ਸਿੰਘ ਅਤੇ ਸੂਬੇਦਾਰ ਜਸਵੰਤ ਸਿੰਘ ਨੇ ਮ੍ਰਿਤਕ ਰਣਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਇਸ ਦੌਰਾਨ ਪੁਲਸ ਦੇ ਕਰਮਚਾਰੀਆਂ ਵਲੋਂ ਹਥਿਆਰ ਉਲਟੇ ਕਰਕੇ ਹਵਾਈ ਫਾਇਰ ਕਰਦੇ ਹੋਏ ਮਾਤਮੀ ਧੁਨ ਵਜਾਈ ਗਈ । ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਜੂਦ ਸਨ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਵ. ਰਣਵੀਰ ਸਿੰਘ ਦੇ ਪਿਤਾ ਸੂਬਾ ਸਿੰਘ ਨੇ ਕਿਹਾ ਕਿ ਉਸ ਨੂੰ ਬੀਤੇ ਦਿਨ ਦੁਪਹਿਰ ਕਰੀਬ 2 ਵਜੇ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਉਸ ਦਾ ਲੜਕਾ ਰਣਵੀਰ ਸਿੰਘ ਡਿਊਟੀ ਦੌਰਾਨ ਟਾਵਰ ਤੋਂ ਡਿੱਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਇਹ ਗੱਲ ਸੁਣ ਜਦ ਉਨ੍ਹਾਂ ਨੇ ਜੰਮੂ ਜਾਣ ਦੀ ਗੱਲ ਕੀਤੀ ਤਾਂ ਅੱਗਿਓਂ ਕਿਹਾ ਗਿਆ ਕਿ ਉਸ ਦੇ ਸੱਟਾਂ ਜ਼ਿਆਦਾ ਲੱਗੀਆਂ ਹਨ ਸਾਇਦ ਉਸ ਨੂੰ ਚੰਡੀਗੜ੍ਹ ਲੈ ਕੇ ਜਾਣਾ ਪਵੇ ਅਤੇ ਤੁਸੀਂ ਅਜੇ ਰੁਕੋ। ਜਿਸ ਕਾਰਨ ਉਹ ਰੁਕ ਗਏ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਪੁੱਤਰ ਰਣਵੀਰ ਸਿੰਘ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਅਤੇ ਇਲਾਜ ਮਿਲਦਾ ਤਾਂ ਸਾਇਦ ਉਹ ਬਚ ਜਾਂਦਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। 


Related News