ਗੈਂਗਸਟਰ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਜੱਸਾ ਦਾ ਅਣਪਛਾਤੇ ਵਿਅਕਤੀਆਂ ਨੇ ਕੀਤਾ ਕਤਲ
Thursday, Apr 21, 2022 - 10:42 AM (IST)
ਮੋਗਾ (ਆਜ਼ਾਦ) : ਕੈਨੇਡਾ ਰਹਿੰਦੇ ਕੇ. ਟੀ. ਐੱਫ. ਦੇ ਸੰਚਾਲਕ ਅਰਸ਼ਦੀਪ ਸਿੰਘ ਡਾਲਾ ਉਰਫ ਅਰਸ਼ ਡਾਲਾ ਦੇ ਨੇੜਲੇ ਸਹਿਯੋਗੀ ਦੱਸੇ ਜਾ ਰਹੇ ਜਸਵਿੰਦਰ ਸਿੰਘ ਜੱਸਾ (30) ਨਿਵਾਸੀ ਕੋਕਰੀ ਕਲਾਂ ਦੀ ਦਿਨ-ਦਿਹਾੜੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀ. ਐੱਸ. ਪੀ. ਧਰਮਕੋਟ ਮਨਜੀਤ ਸਿੰਘ ਢੇਸੀ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਣਾ ਪੁਲਸ ਨੂੰ ਪਿੰਡ ਬਹੋਨਾ ਦੇ ਸਰਪੰਚ ਬਲਰਾਜ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੇ ਪਿੰਡ ਦੇ ਖੇਤਾਂ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ਦੇ ਗੋਲੀ ਵੱਜੀ ਹੋਈ ਹੈ, ਜਿਸ ’ਤੇ ਪੁਲਸ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਮੋਗਾ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਉਰਫ ਜੱਸਾ ਦੇ ਖ਼ਿਲਾਫ਼ ਥਾਣਾ ਮਹਿਣਾ ਵਿਚ 30 ਸਤੰਬਰ 2021 ਨੂੰ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਉਸ ਨੂੰ ਹੋਰਨਾਂ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਰੰਗੇ ਹੱਥੀਂ ਫੜਿਆ ਚਿੱਟੇ ਦੀ ਸਪਲਾਈ ਕਰਦਾ ਨੌਜਵਾਨ, ਲੋਕਾਂ ਨੇ ਬਣਾਈ ਲਾਈਵ ਵੀਡੀਓ
ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਜੱਸਾ ਦੇ ਗੈਂਗਸਟਰ ਜਥੇਬੰਦੀਆਂ ਨਾਲ ਸਬੰਧ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੇ ਬਾਅਦ ਮ੍ਰਿਤਕ ਦੇ ਪਰਿਵਾਰਕ ਵਾਲਿਆਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਜਦੋਂ ਇਸ ਸਬੰਧ ਵਿਚ ਡੀ. ਐੱਸ. ਪੀ. ਧਰਮਕੋਟ ਮਨਜੀਤ ਸਿੰਘ ਢੇਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਗਾ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਲਾਕੇ ਵਿਚ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਜੱਸਾ ਨੂੰ ਕੋਈ ਅਣਪਛਾਤਾ ਵਿਅਕਤੀ ਲੈ ਕੇ ਆਇਆ ਸੀ, ਪਰ ਅਜੇ ਤੱਕ ਸੱਚਾਈ ਸਾਹਮਣੇ ਨਹੀਂ ਆ ਸਕੀ, ਜਲਦ ਹੀ ਇਸ ਹੱਤਿਆ ਮਾਮਲੇ ਦੀ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ