ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 57 ਲੱਖ ਦੀ ਮਾਰੀ ਠੱਗੀ,  ਲੜਕਾ ਪਰਿਵਾਰ ਨੇ ਲਾਏ ਦੋਸ਼

07/03/2022 1:08:55 PM

ਭਦੌੜ(ਰਾਕੇਸ਼) : ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਜੰਗੀਆਣਾ ਦੇ ਲੜਕਾ ਪਰਿਵਾਰ ਵੱਲੋਂ ਇਕ ਲੜਕੀ ’ਤੇ ਵਿਆਹ ਕਰਵਾ ਕੇ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 57 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਥਾਣਾ ਭਦੌੜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬਧੀ ਗੁਰਦੀਪ ਸਿੰਘ ਗਿੱਲ ਪੁੱਤਰ ਭੋਲਾ ਸਿੰਘ ਵਾਸੀ ਜੰਗੀਆਣਾਂ ਨੇ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ, ਜਸਵੀਰ ਕੌਰ ਪਤਨੀ ਬਲਵਿੰਦਰ ਸਿੰਘ, ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਸੰਗਤਪੁਰਾ ਜ਼ਿਲ੍ਹਾ ਮੋਗਾ ਦੇ ਬਰ ਖ਼ਿਲਾਫ਼ ਐੱਸ. ਐੱਸ. ਪੀ. ਬਰਨਾਲਾ ਨੂੰ ਦਰਖਾਸਤ ਦਿੱਤੀ ਸੀ ਕਿ ਇਨ੍ਹਾਂ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਮਨਪ੍ਰੀਤ ਕੌਰ ਦਾ ਵਿਆਹ ਮੇਰੇ (ਗੁਰਦੀਪ ਸਿੰਘ) ਨਾਲ ਕਰ ਕੇ 57 ਲੱਖ ਦੀ ਠੱਗੀ ਮਾਰੀ ਹੈ।

ਪੀੜਤ ਪਰਿਵਾਰ ਨੇ ਇਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਉਕਤ ਰਕਮ ਵਸੂਲ ਕਰ ਕੇ ਦਿਵਾਏ ਜਾਵੇ। ਦਰਖਾਸਤ ਨੰਬਰੀ 393 ’ਤੇ ਪੁਲਸ ਉਪ ਕਪਤਾਨ ਤਪਾ ਵੱਲੋਂ ਪੜਤਾਲ ਕੀਤੀ ਗਈ ਅਤੇ ਜਿਸ ’ਚ ਮਨਪ੍ਰੀਤ ਕੌਰ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਸ਼ਿਫਾਰਸ਼ ਕੀਤੀ ਗਈ। ਮਾਣਯੋਗ ਸੀਨੀਅਰ ਪੁਲਸ ਕਪਤਾਨ ਬਰਨਾਲਾ ਦੇ ਹੁਕਮਾਂ ’ਤੇ ਥਾਣਾ ਭਦੌੜ ਵਿਖੇ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਸੰਗਤਪੁਰਾ ਮੋਗਾ ਦੇ ਖਿਲਾਫ ਐੱਫ. ਆਰ. ਆਈ. ਨੰ. 38 ਧਾਰਾ 420, 120-ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਪ ਕਪਤਾਨ ਪੁਲਸ ਸਬ ਡਵੀਜ਼ਨ ਤਪਾ ਦੀ ਪੜਤਾਲ ’ਚ ਪਾਇਆ ਗਿਆ ਕਿ ਇਹ ਰਿਸ਼ਤਾ ਮਨਪ੍ਰੀਤ ਕੌਰ ਦੀ ਭੈਣ ਰਮਨਦੀਪ ਕੌਰ ਪਤਨੀ ਲਖਵੀਰ ਸਿੰਘ ਵਾਸੀ ਜੰਗੀਆਣਾਂ ਨੇ ਕਰਵਾਇਆ ਸੀ।

ਮਨਪ੍ਰੀਤ ਕੌਰ ਦੀ ਆਈਲਿਟਸ ਦੇ ਕੋਰਸ ’ਚ 6 ਬੈਂਡ ਆਏ ਹੋਏ ਸਨ। ਰਿਸ਼ਤਾ ਹੋਣ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਦੀ ਗੱਲ ਤੈਅ ਹੋਈ ਕਿ ਵਿਆਹ ਅਤੇ ਮਨਪ੍ਰੀਤ ਕੌਰ ਨੂੰ ਬਾਹਰ ਭੇਜਣ ਦਾ ਜੋ ਖਰਚ ਆਏਗਾ ਉਹ ਲੜਕੇ ਪਰਿਵਾਰ ਵੱਲੋਂ ਕੀਤਾ ਜਾਵੇਗਾ। ਗੁਰਦੀਪ ਸਿੰਘ ਗਿੱਲ ਪੁੱਤਰ ਭੋਲਾ ਸਿੰਘ ਵਾਸੀ ਜੰਗੀਆਣਾਂ ਅਤੇ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਸੰਗਤਪੁਰਾ ਦੀ 3-9-2019 ਨੂੰ ਕਾਕਾ ਰੈਸਟੋਰੈਟ ਬੱਧਨੀ ਕਲਾਂ ਵਿਖੇ ਮੰਗਣੀ ਦੀ ਰਸਮ ਹੋਈ ਸੀ। ਜਿਸ ਉਪਰੰਤ ਮਨਪ੍ਰੀਤ ਕੌਰ ਨੂੰ ਕੈਨੇਡਾ ਭੇਜਿਆ ਗਿਆ ਸਾਰਾ ਖਰਚ ਗੁਰਦੀਪ ਸਿੰਘ ਵੱਲੋਂ ਕੀਤਾ ਗਿਆ। 2019 ’ਚ ਮਨਪ੍ਰੀਤ ਕੌਰ ਵਿਆਹ ਕਰਵਾਉਣ ਲਈ ਵਾਪਸ ਇੰਡੀਆ ਆਈ ਅਤੇ 25-12-2019 ਨੂੰ ਬਰਾੜ ਪੈਲਸ ਭਗਤਾ ਭਾਈਕਾ ਜ਼ਿਲ੍ਹਾ (ਬਠਿੰਡਾ) ਵਿਖੇ ਮਨਪ੍ਰੀਤ ਕੌਰ ਅਤੇ ਗੁਰਦੀਪ ਸਿੰਘ ਦਾ ਵਿਆਹ ਹੋਇਆ ਅਤੇ 2020 ’ਚ ਮਨਪ੍ਰੀਤ ਕੌਰ ਮੁੜ ਕੈਨੇਡਾ ਚੱਲੀ ਗਈ। ਕੁਝ ਸਮਾਂ ਤਾਂ ਮਨਪ੍ਰੀਤ ਕੌਰ ਆਪਣੇ ਸੁਹਰਾ ਪਰਿਵਾਰ ਨਾਲ ਸਹੀ ਢੰਗ ਨਾਲ ਗੱਲਬਾਤ ਕਰਦੀ ਰਹੀ ਪਰ ਕੁਝ ਸਮੇਂ ਬਾਅਦ ਹੀ ਮਨਪ੍ਰੀਤ ਕੌਰ ਦੇ ਤੇਵਰ ਬਦਲਣੇ ਸ਼ੁਰੂ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਨ ਲੱਗੀ।

ਗੁਰਦੀਪ ਸਿੰਘ ਨੇ ਆਪਣੇ ਸਹੁਰਾ ਪਰਿਵਾਰ ਨੂੰ ਵੀ ਕਿਹਾ ਕਿ ਮਨਪ੍ਰੀਤ ਕੌਰ ਫੋਨ ਸੁਣਨ ਅਤੇ ਲਾਉਣ ਤੋਂ ਟਾਲ ਮਟੋਲ ਕਰਦੀ ਹੈ ਅਤੇ ਇਹ ਗੱਲ ਸਾਹਮਣੇ ਆਈ ਕਿ ਮਨਪ੍ਰੀਤ ਕੌਰ ਆਪਣੇ ਮਾਤਾ ਪਿਤਾ ਅਤੇ ਭਰਾ ਦੀ ਸਹਿਮਤੀ ਨਾਲ ਹੀ ਸਭ ਕੁਝ ਕਰ ਰਹੀ ਸੀ। 22-01-2022 ਨੂੰ ਮਨਪ੍ਰੀਤ ਕੌਰ ਕੈਨੇਡਾ ਤੋਂ ਪੰਜਾਬ ਆਈ ਅਤੇ ਗੁਰਦੀਪ ਸਿੰਘ ਉਸਨੂੰ ਏਅਰਪੋਟ ਤੋਂ ਲੈ ਕੇ ਆਇਆ। ਗੁਰਦੀਪ ਸਿੰਘ ਦੇ ਅਨੁਸਾਰ ਮਨਪ੍ਰੀਤ ਕੌਰ ਦਾ ਵਤੀਰਾ ਬਦਲਿਆ ਹੋਇਆ ਸੀ। ਮਨਪ੍ਰੀਤ ਕੌਰ ਕੈਨੇਡਾ ਤੋਂ ਆਉਣ ਮਗਰੋ 3 ਕੁ ਦਿਨ ਸਹੁਰੇ ਲਾ ਕੇ ਚਲੀ ਗਈ। ਗੁਰਦੀਪ ਸਿੰਘ ਨੇ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਉਣ ਤੋਂ ਕੋਰਾ ਜਵਾਬ ਦੇ ਦਿੱਤਾ। ਸਗੋਂ ਵਸਣ ਦੀ ਬਜਾਏ ਗੁਰਦੀਪ ਸਿੰਘ ਨੂੰ ਧਮਕੀਆਂ ਦੇਣ ਲੱਗ ਪਈ ਕਿ ਜੇਕਰ ਗੁਰਦੀਪ ਸਿੰਘ ਦੁਬਾਰਾ ਉਸਨੂੰ ਆਪਣੇ ਘਰ ਲੈ ਕੇ ਜਾਵੇਗਾ ਤਾਂ ਉਹ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜਾਨ ਦੇ ਦੇਵੇਗੀ ਅਤੇ ਆਪਣੇ ਸੁਹਰਾ ਪਰਿਵਾਰ ਨੂੰ ਕਤਲ ਦੇ ਕੇਸ ’ਚ ਫਸਾ ਦੇਵੇਗੀ।

ਗੁਰਦੀਪ ਸਿੰਘ ਦਾ ਪਰਿਵਾਰ ਬੁਰੀ ਤਰ੍ਹਾਂ ਨਾਲ ਡਰ ਗਿਆ ਹੈ ਅਤੇ ਇਨ੍ਹਾਂ ਨੂੰ ਯਕੀਨ ਹੋ ਗਿਆ ਹੈ ਕਿ ਲੜਕੀ ਪਰਿਵਾਰ ਵੱਲੋ ਗਿਣੀ ਮਿਥੀ ਸਾਜ਼ਿਸ਼ ਤਹਿਤ 57 ਲੱਖ ਦੀ ਠੱਗੀ ਮਾਰੀ ਗਈ ਹੈ। ਪੀੜਤ ਲੜਕਾ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਾਈ ਹੈ ਕਿ ਇਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ 57 ਲੱਖ ਦੀ ਰਾਸ਼ੀ ਵਸੂਲ ਕੇ ਦਿਵਾਈ ਜਾਵੇ। ਜਿਸ ਦਾ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੂੰ ਲਾਇਆ ਗਿਆ ਹੈ।

ਨੋਟ- ਇਸ ਖ਼ਬਰਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Gurminder Singh

Content Editor

Related News