ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਕਰਦਾ ਰਿਹਾ ਟਾਲ-ਮਟੋਲ, 38 ਲੱਖ ਦੀ ਠੱਗੀ ਮਾਰ ਕੇ ਫਰਾਰ ਹੋਇਆ ਏਜੰਟ
Monday, Sep 09, 2024 - 12:45 AM (IST)
ਖੰਨਾ (ਜ.ਬ.)- ਪੁਲਸ ਨੇ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਢਿੱਲੋਂ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਸ਼ਾਮਗੜ੍ਹ ਸਮਰਾਲਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਟਰੈਵਲ ਏਜੰਟ ਜਗਜਿਊਣ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਗੱਗੜਵਾਲ ਤਹਿਸੀਲ ਖਮਾਣੋਂ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਕਈ ਥਾਈਂ ਛਾਪੇਮਾਰੀ ਕਰਨ ਦੇ ਬਾਵਜੂਦ ਟਰੈਵਲ ਏਜੰਟ ਪੁਲਸ ਦੀ ਪਕੜ ਤੋਂ ਬਾਹਰ ਸੀ।
ਇਸ ਸਬੰਧੀ ਸ਼ਿਕਾਇਤ ਖੰਨਾ ਦੇ ਐੱਸ.ਐੱਸ.ਪੀ. ਨੂੰ ਦਿੱਤੀ ਗਈ ਸੀ। ਇਸ ਕਾਰਨ ਪੁਲਸ ਨੇ ਦੋਵਾਂ ਧਿਰਾਂ ਨੂੰ ਆਪਣੇ ਬਿਆਨ ਦੇਣ ਲਈ ਸਬੰਧਤ ਆਈ.ਓ. ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਦੂਜੇ ਪਾਸੇ ਸ਼ਿਕਾਇਤਕਰਤਾ ਦੀ ਸ਼ਿਕਾਇਤ, ਜੋ ਕਿ ਤੱਥਾਂ ’ਤੇ ਆਧਾਰਿਤ ਸੀ, ਜਿਸ ’ਚ ਉਸ ਨੇ ਕਥਿਤ ਦੋਸ਼ੀ ’ਤੇ ਪੈਸੇ ਲੈਣ ਦੇ ਗੰਭੀਰ ਦੋਸ਼ ਲਾਏ ਸਨ, ਨੂੰ ਸਹੀ ਪਾਇਆ ਗਿਆ। ਇਸ ਕਾਰਨ ਪੁਲਸ ਨੇ ਕੇਸ ਦਰਜ ਕਰ ਲਿਆ ਸੀ।
ਇਹ ਵੀ ਪੜ੍ਹੋ- MP ਸੰਜੀਵ ਅਰੋੜਾ ਨੇ ਕੇਂਦਰੀ ਮੰਤਰੀਆਂ ਨੂੰ ਲਿਖੀ ਚਿੱਠੀ, ਪੰਜਾਬ ਦੇ ਕਿਸਾਨਾਂ ਲਈ ਕੀਤੀ ਇਹ ਖ਼ਾਸ ਅਪੀਲ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ, ਉਸ ਦੀ ਪਤਨੀ ਜਸਪ੍ਰੀਤ ਕੌਰ, ਪੁੱਤਰੀ ਤਲਵੀਨ ਕੌਰ ਅਤੇ ਉਸ ਦਾ ਲੜਕਾ ਅਭਿਜੋਤ ਸਿੰਘ ਢਿੱਲੋਂ ਅਮਰੀਕਾ ਜਾਣਾ ਚਾਹੁੰਦੇ ਸਨ ਅਤੇ ਇਸ ਦੌਰਾਨ ਉਸ ਦੀ ਜਾਣ-ਪਛਾਣ ਜਗਜੀਤ ਸਿੰਘ ਟਰੈਵਲ ਏਜੰਟ ਨਾਲ ਹੋਈ ਸੀ। ਉਸ ਨੇ ਉਸ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਅਤੇ ਉਸ ਤੋਂ 38 ਲੱਖ 22 ਹਜ਼ਾਰ ਰੁਪਏ ਲੈ ਲਏ ਪਰ ਉਹ ਉਸਨੂੰ ਅਮਰੀਕਾ ਭੇਜਣ ਦੀ ਬਜਾਏ ਦੂਜੇ ਦੇਸ਼ਾਂ ਵਿਚ ਘੁੰਮਾਉਂਦਾ ਰਿਹਾ ਅਤੇ ਅਮਰੀਕਾ ਨਹੀਂ ਭੇਜਿਆ।
ਇਸ ਦੌਰਾਨ ਉਹ ਉਨ੍ਹਾਂ ਨੂੰ ਵਾਰ-ਵਾਰ ਝੂਠੇ ਭਰੋਸੇ ਦੇ ਕੇ ਸਮਾਂ ਬਰਬਾਦ ਕਰਦਾ ਰਿਹਾ। ਇੱਥੋਂ ਤਕ ਕਿ ਕਈ ਪਤਵੰਤਿਆਂ ਦੇ ਸਾਹਮਣੇ ਵੀ ਉਸ ਨੂੰ ਅਮਰੀਕਾ ਭੇਜਣ ਦੀ ਗੱਲ ਦੁਹਰਾਉਂਦਿਆਂ ਕਿਹਾ ਕਿ ਉਸ ਨੂੰ ਜਲਦੀ ਹੀ ਅਮਰੀਕਾ ਭੇਜ ਦਿੱਤਾ ਜਾਵੇਗਾ। ਆਈ.ਓ. ਦਵਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਵਲੋਂ ਉਕਤ ਮੁਲਜ਼ਮ ਨੂੰ ਦਿੱਤੀ ਗਈ ਰਕਮ ਦੀ ਪੁਸ਼ਟੀ ਕੀਤੀ ਗਈ ਹੈ, ਜੋ ਵੱਖ-ਵੱਖ ਤਾਰੀਕਾਂ ਨੂੰ ਦਿੱਤੀ ਗਈ ਸੀ। ਅਮਰੀਕਾ ਭੇਜਣ ਦੇ ਨਾਂ ’ਤੇ ਮੁਲਜ਼ਮ ਲੰਬੇ ਸਮੇਂ ਤਕ ਉਸ ਦਾ ਆਰਥਿਕ ਸ਼ੋਸ਼ਣ ਵੀ ਕਰਦਾ ਰਿਹਾ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e