ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀ ਠੱਗੀ, ਮਾਮਲਾ ਦਰਜ

07/23/2020 2:27:45 AM

ਕੋਟਕਪੂਰਾ, (ਨਰਿੰਦਰ ਬੈੜ੍ਹ)- ਨੇੜਲੇ ਪਿੰਡ ਪੰਜਗਰਾਈ ਕਲਾਂ ਦੇ ਇਕ ਵਿਅਕਤੀ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਸਬੰਧ ਵਿਚ ਥਾਣਾ ਸਦਰ ਕੋਟਕਪੂਰਾ ਵਿਖੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਸੁਖਦੇਵ ਸਿੰਘ ਪੁੱਤਰ ਠਾਕਰ ਸਿੰਘ ਵਾਸੀ ਪੰਜਗਰਾਈਂ ਕਲਾਂ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਦਰਖਾਸਤ ਅਨੁਸਾਰ ਉਹ ਆਪਣੇ ਲੜਕੇ ਰਾਜੂ ਸਿੰਘ ਨੂੰ ਵਿਦੇਸ਼ (ਕੁਵੈਤ) ਭੇਜਣਾ ਚਾਹੁੰਦਾ ਸੀ, ਜਿਸਦੇ ਬਦਲੇ ਵਿਚ ਉਸਦੀ ਗੁਰਸੇਵਕ ਸਿੰਘ ਵਾਸੀ ਬਸਤੀ ਮਾਛੀਆ (ਜ਼ੀਰਾ) ਅਤੇ ਰੂਪ ਸਿੰਘ ਵਾਸੀ ਬਸਤੀ ਮਾਛੀਆ (ਜ਼ੀਰਾ) ਹਾਲ ਆਬਾਦ ਕੁਵੈਤ ਨਾਲ 2 ਲੱਖ 25 ਹਜ਼ਾਰ ਰੁਪਏ ਵਿਚ ਗੱਲ ਹੋਈ ਸੀ। ਬਿਆਨ ਅਨੁਸਾਰ ਉਸਨੇ ਇਸ ਰਕਮ ਵਿਚੋਂ 1 ਲੱਖ 13 ਹਜ਼ਾਰ ਰੁਪਏ ਗੁਰਸੇਵਕ ਸਿੰਘ ਨੂੰ ਦਿੱਤੇ ਅਤੇ 1 ਲੱਖ 12 ਹਜ਼ਾਰ ਰੁਪਏ ਉਸਦੇ ਪਿੰਡ ਦੇ ਹੀ ਲੜਕੇ ਤਿਰਲੋਚਨ ਸਿੰਘ ਨੇ ਰੂਪ ਸਿੰਘ ਨੂੰ ਕੁਵੈਤ ਵਿਖੇ ਦਿੱਤੇ, ਪਰ ਪੰਜ ਮਹੀਨੇ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਕਤ ਵਿਅਕਤੀਆਂ ਨੇ ਨਾਂ ਤਾਂ ਰਾਜੂ ਸਿੰਘ ਨੂੰ ਬਾਹਰ ਭੇਜਿਆ ਅਤੇ ਨਾ ਹੀ ਉਸਦੀ ਰਕਮ ਵਾਪਸ ਕੀਤੀ। ਉੱਚ ਅਧਿਕਾਰੀਆਂ ਵੱਲੋਂ ਦਰਖਾਸਤ ਦੀ ਪੜਤਾਲ ਤੋਂ ਬਾਅਦ ਉਕਤ ਦੋਵੇਂ ਵਿਅਕਤੀਆਂ ਗੁਰਸੇਵਕ ਸਿੰਘ ਅਤੇ ਰੂਪ ਸਿੰਘ ਖਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਗੁਰਜੰਟ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।


Bharat Thapa

Content Editor

Related News