ਨਸ਼ੇ ਦੀ ਲੱਤ ਨੇ ਬਣਾਇਆ ਅਪਰਾਧੀ! ਪੰਜਾਬ ਪੁਲਸ ''ਚ ਥਾਣੇਦਾਰ ਰਿਹਾ ਵਿਅਕਤੀ ਨਿਕਲਿਆ ਵਾਹਨ ਚੋਰ

Tuesday, Mar 25, 2025 - 12:40 AM (IST)

ਨਸ਼ੇ ਦੀ ਲੱਤ ਨੇ ਬਣਾਇਆ ਅਪਰਾਧੀ! ਪੰਜਾਬ ਪੁਲਸ ''ਚ ਥਾਣੇਦਾਰ ਰਿਹਾ ਵਿਅਕਤੀ ਨਿਕਲਿਆ ਵਾਹਨ ਚੋਰ

ਸਾਹਨੇਵਾਲ/ਕੁਹਾੜਾ (ਜਗਰੂਪ)- ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਸਾਹਨੇਵਾਲ ਪੁਲਸ ਨੇ ਗੱਡੀਆਂ ਚੋਰੀ ਕਰਨ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਵਰਨਾ ਕਾਰ ਸਮੇਤ ਕਾਬੂ ਕੀਤਾ ਹੈ, ਜਦੋਂਕਿ ਇਕ ਭੱਜਣ ’ਚ ਕਾਮਯਾਬ ਹੋ ਗਿਆ।

ਜਾਂਚ ਅਧਿਕਾਰੀ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਟਿੱਬਾ ਨਹਿਰ ਦੇ ਨਾਲ ਬਣੇ ਇਕ ਬੇਅਬਾਦ ਪਲਾਟ ’ਚ 3 ਵਿਅਕਤੀ ਵਰਨਾ ਕਾਰ ਵੇਚਣ ਦੀ ਫਿਰਾਕ ਸਨ, ਵਰਨਾ ਕਾਰ ’ਤੇ ਨੰਬਰ ਮੋਟਰਸਾਈਕਲ ਦਾ ਲੱਗਿਆ ਹੋਇਆ ਸੀ। ਥਾਣੇਦਾਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਵਰਨਾ ਕਾਰ ਹਿਸਾਰ ਤੋਂ ਚੋਰੀ ਕੀਤੀ ਸੀ, ਜਿਸ ’ਤੇ ਜਾਅਲੀ ਮੋਟਰਸਾਈਕਲ ਦਾ ਨੰਬਰ ਲਗਾ ਕੇ ਵੇਚਣ ਦੀ ਫਿਰਾਕ ’ਚ ਸਨ। ਗੁਰਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਇਕ ਗਾਹਕ ਨਾਲ ਵੇਚਣ ਦੀ ਗੱਲ ਵੀ ਤੈਅ ਕਰ ਲਈ ਸੀ।

ਜਦੋਂ ਗਾਹਕ ਨੇ ਇਨ੍ਹਾਂ ਤੋਂ ਗੱਡੀ ਦੇ ਪੇਪਰ ਮੰਗੇ ਤਾਂ ਇਨ੍ਹਾਂ ਨੇ ਉਸ ਨੂੰ ਆਨਾ-ਕਾਨੀ ਕਰਨੀ ਸ਼ੁਰੂ ਕਰ ਦਿੱਤੀ, ਕਿਹਾ ਕਿ ਇਸ ਦੇ ਕਾਗਜ਼ ਕਿਸੇ ਡੀਲਰ ਕੋਲ ਪਏ ਹਨ, ਕੱਲ ਲਿਆ ਕੇ ਦੇਣਗੇ, ਪਰਸੋਂ ਲਿਆ ਦੇਣਗੇ। ਥਾਣੇਦਾਰ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਚਿਹਰੇ ਵੀ ਕੁਝ ਗਲਤ ਹੋਣ ਦਾ ਇਸ਼ਾਰਾ ਕਰ ਰਹੇ ਸਨ, ਜਿਸ ’ਤੇ ਗਾਹਕ ਨੂੰ ਥੋੜ੍ਹਾ ਸ਼ੱਕ ਹੋ ਗਿਆ। ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲ ਗਈ ਕਿ ਵਾਹਨ ਚੋਰੀ ਕਰਨ ਵਾਲੇ ਕੁਝ ਵਿਅਕਤੀ ਕਾਰ ਸੇਲ ਕਰਨ ਦੀ ਫਿਰਾਕ ’ਚ ਹਨ।

ਥਾਣੇਦਾਰ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਟਿੱਬਾ ਨਹਿਰ ਪੁਲ ਨਾਲ ਲਗਦੇ ਇਕ ਪਲਾਟ ’ਚ ਛਾਪੇਮਾਰੀ ਕੀਤੀ ਤਾਂ ਪੁਲਸ ਦੇ ਹੱਥ 2 ਵਿਅਕਤੀ ਲੱਗ ਗਏ ਅਤੇ ਇਕ ਭੱਜਣ ’ਚ ਕਾਮਯਾਬ ਹੋ ਗਿਆ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਗਨੀਤਪਾਲ ਸਿੰਘ ਪੁੱਤਰ ਤੇਜਿੰਦਰ ਸਿੰਘ ਵਾਸੀ ਬਾਲਾ ਜੀ ਕਾਲੋਨੀ ਰਾਮਗੜ੍ਹ ਰੋਡ ਸਾਹਨੇਵਾਲ ਅਤੇ ਅਮਨਦੀਪ ਸਿੰਘ ਪੁੱਤਰ ਲੇਟ ਸਰੂਪ ਸਿੰਘ ਵਾਸੀ 67, ਗਰਚਾ ਕਾਲੋਨੀ ਅਤੇ ਭੱਜਣ ਵਾਲੇ ਦੀ ਪਛਾਣ ਮਨਤੇਜ ਸਿੰਘ ਗੁੱਜਰ ਵਜੋਂ ਹੋਈ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਕਾਬੂ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੰਜਾਬ ਪੁਲਸ ਦਾ ਥਾਣੇਦਾਰ ਸੀ ਅਮਨਦੀਪ
ਥਾਣਾ ਸਾਹਨੇਵਾਲ ਦੀ ਪੁਲਸ ਵਲੋਂ ਕਾਬੂ ਕੀਤਾ ਗਿਆ ਅਮਨਦੀਪ ਸਿੰਘ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਪੰਜਾਬ ਪੁਲਸ ’ਚ ਥਾਣੇਦਾਰ ਰਿਹਾ ਹੈ। ਅਮਨਦੀਪ ਦੇ ਪਿਤਾ ਸਵ. ਸਰੂਪ ’ਚ ਡੀ. ਐੱਸ. ਪੀ. ਸਨ, ਜਿਸ ਕਾਰਨ ਅਮਨਦੀਪ ਸਿੰਘ ਵੀ ਪੰਜਾਬ ਪੁਲਸ ’ਚ ਸਾਲ 2006 ’ਚ ਸਿੱਧਾ ਥਾਣੇਦਾਰ ਭਰਤੀ ਹੋਇਆ ਪਰ ਮਾੜੀ ਸੰਗਤ ਅਤੇ ਚਿੱਟੇ ਦੇ ਨਸ਼ੇ ਕਾਰਨ ਉਹ 2008 ’ਚ ਫੜਿਆ ਗਿਆ।

ਇਸ ਤੋਂ ਬਾਅਦ ਉਸ ਦੇ ਖਿਲਾਫ ਹੋਰ ਵੀ ਕਈ ਕੇਸ ਦਰਜ ਹੋਏ ਅਤੇ ਮਾੜੀ ਸੰਗਤ ਕਾਰਨ ਅੱਜ ਉਹ ਵਾਹਨ ਚੋਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ’ਚ ਸ਼ਾਮਲ ਹੋ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Baljit Singh

Content Editor

Related News