ਵਿਦੇਸ਼ ਭੇਜਣ ਦੇ ਨਾਂ 'ਤੇ ਠੱਗ ਏਜੰਟ ਲੋਕਾਂ ਨਾਲ ਕਰ ਰਹੇ ਹਨ ਧੋਖਾ

Monday, Mar 18, 2019 - 12:16 PM (IST)

ਵਿਦੇਸ਼ ਭੇਜਣ ਦੇ ਨਾਂ 'ਤੇ ਠੱਗ ਏਜੰਟ ਲੋਕਾਂ ਨਾਲ ਕਰ ਰਹੇ ਹਨ ਧੋਖਾ

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ ਪਵਨ ਤਨੇਜਾ) - ਪੰਜਾਬ ਦੇ ਲੋਕਾਂ 'ਚ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਬਹੁਤੇ ਲੋਕਾਂ 'ਚ ਬਸ ਇਕ ਹੀ ਗੱਲ ਹੈ ਕਿ ਉਹ ਇਕ ਵਾਰ ਕਿਵੇਂ ਨਾ ਕਿਵੇਂ ਜਹਾਜ਼ ਚੜ੍ਹ ਕੇ ਵਿਦੇਸ਼ ਨੂੰ ਉਡਾਰੀ ਮਾਰ ਜਾਣ। ਆਪਣੇ ਦੇਸ਼ ਦੀ ਮਿੱਟੀ ਨਾਲੋਂ ਮੋਹ ਤੋੜ ਕੇ ਬਿਗਾਨੇ ਦੇਸ਼ਾਂ ਨੂੰ ਆਪਣਾ ਰੈਣ ਬਸੇਰਾ ਬਣਾਉਣ 'ਤੇ ਲੱਗੇ ਹੋਏ ਹਨ। ਬਾਹਰ ਜਾਣ ਦੀ ਕਾਹਲੀ 'ਚ ਲੋਕ ਠੱਗ ਏਜੰਟਾਂ ਦੀਆਂ ਚਾਲਾਂ ਨੂੰ ਨਹੀਂ ਸਮਝਦੇ ਅਤੇ ਲੱਖਾਂ ਰੁਪਏ ਏਜੰਟਾਂ ਦੀ ਤਲੀ 'ਤੇ ਧਰ ਦਿੰਦੇ ਹਨ। ਜਿੰਨਾਂ ਦਾ ਸਹੀ ਢੰਗ ਨਾਲ ਵੀਜਾ ਲੱਗਦਾ ਹੈ, ਉਹ ਤਾਂ ਵਿਦੇਸ਼ਾਂ ਨੂੰ ਤੁਰ ਜਾਂਦੇ ਹਨ ਪਰ ਜਿਹੜੇ ਠੱਗ ਏਜੰਟਾਂ ਦੇ ਅੜਿਕੇ ਆ ਜਾਂਦੇ ਹਨ, ਉਹ ਰੁਲ ਜਾਂਦੇ ਹਨ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਕੁਝ ਦਿਨਾਂ 'ਚ ਅਜਿਹੇ ਲੋਕਾਂ ਦੇ ਖਿਲਾਫ 6-7 ਪਰਚੇ ਦਰਜ ਕੀਤੇ ਹਨ, ਜਿੰਨਾਂ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਲੋਕਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਸਨ। ਦਿਨੋਂ ਦਿਨ ਵਧ ਰਿਹਾ ਵਿਦੇਸ਼ ਜਾਣ ਜਾ ਰੁਝਾਨ ਬੇਹੱਦ ਮਾੜਾ ਹੈ। ਭਾਵੇਂ ਲੋਕ ਇਹ ਕਹਿ ਕੇ ਆਪਣੇ ਪੁੱਤਾਂ ਧੀਆਂ ਨੂੰ ਵਿਦੇਸ਼ ਭੇਜ ਰਹੇ ਹਨ ਕਿ ਇਧਰ ਕੀ ਰੱਖਿਆ ਹੈ ਪਰ ਬੱਚਿਆਂ ਦਾ ਭਵਿੱਖ ਬਣਾਉਣ ਲਈ ਸੋਚਣਾ ਜਰੂਰੀ ਹੈ। ਇਸ ਅਤਿ ਗੰਭੀਰ ਮਸਲੇ ਨੂੰ ਲੈ ਕੇ ' ਜਗਬਾਣੀ' ਵਲੋਂ ਇਸ ਹਫ਼ਤੇ ਦੀ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

ਦਿੱਲੀ ਜਾਂ ਮੁੰਬਈ ਤੋਂ ਆ ਜਾਂਦੇ ਹਨ ਵਾਪਸ
ਜਿੰਨਾਂ ਲੋਕਾਂ ਨਾਲ ਬਾਹਰ ਭੇਜਣ ਦੇ ਨਾਂ 'ਤੇ ਠੱਗੀਆਂ ਵਜ ਰਹੀਆਂ ਹਨ, ਉਨ੍ਹਾਂ 'ਚੋਂ ਕਈ ਦਿੱਲੀ, ਮੁੰਬਈ ਜਾਂ ਹੋਰ ਵੱਡੇ ਸ਼ਹਿਰਾਂ ਤੋਂ ਹੀ ਵਾਪਸ ਆ ਜਾਂਦੇ ਹਨ ਤੇ ਦੋ-ਦੋ ਮਹੀਨੇ ਉਥੇ ਹੀ ਬੈਠੇ ਰਹਿੰਦੇ ਹਨ। ਨਾ ਉਧਰ ਦੇ ਰਹਿੰਦੇ ਆ ਨਾ ਇਧਰ ਦੇ। ਕਈ ਲੋਕ ਅਜਿਹੇ ਹਨ, ਜਿੰਨਾਂ ਨੇ ਆਪਣੇ ਬੱਚਿਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਣ ਲਈ ਆਪਣੀਆਂ ਜ਼ਮੀਨਾਂ, ਜਾਇਦਾਦਾ, ਘਰ, ਖੇਤੀ ਸੰਦ ਆਦਿ ਵੇਚ ਦਿੱਤਾ।ਐਨਾ ਕੁਝ ਕਰਨ ਦੇ ਬਾਵਜੂਦ ਵੀ ਜਦ ਉਨ੍ਹਾਂ ਨਾਲ ਠੱਗੀਆਂ ਵਜ ਜਾਂਦੀਆਂ ਹਨ ਤਾਂ ਮਨ ਬੜਾ ਦੁੱਖੀ ਹੁੰਦਾ ਹੈ।
ਠੱਗੀ ਮਾਰਨ ਵਾਲਿਆਂ 'ਚ ਔਰਤਾਂ ਦੀ ਗਿਣਤੀ ਕਾਫ਼ੀ 
ਲੋਕਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਣ ਦੇ ਨਾਂ 'ਤੇ ਜਿਹੜੇ ਠੱਗ ਟੋਲੇ ਅਤੇ ਗੈਗ ਬਣੇ ਹੋਏ ਹਨ, ਉਨ੍ਹਾਂ 'ਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਗਿਣਤੀ ਕਾਫ਼ੀ ਹੈ। ਇਸ ਗੱਲ ਦਾ ਅੰਦਾਜ਼ਾ ਪੁਲਸ ਵਲੋਂ ਦਰਜ ਕੀਤੇ ਗਏ ਪਰਚਿਆਂ ਤੋਂ ਲੱਗਦਾ ਹੈ। ਇਸ ਤੋਂ ਇਲਾਵਾ ਕੁਝ ਉਹ ਲੋਕ ਵੀ ਸ਼ਾਮਲ ਹਨ, ਜੋ ਆਪਣੇ ਰਿਸ਼ਤੇਦਾਰਾਂ ਜਾਂ ਜਾਣ-ਪਛਾਣ ਵਾਲਿਆਂ ਤੋਂ ਬਾਹਰ ਭੇਜਣ ਦੇ ਨਾਂ 'ਤੇ ਪੈਸੇ ਲੈ ਕੇ ਠੱਗੀ ਮਾਰਦੇ ਹਨ।
ਮੁੰਡੇ-ਕੁੜੀਆਂ ਧੜਾਧੜ ਕਰ ਰਹੇ ਹਨ ਆਈਲੈਟਸ 
ਵਿਦੇਸ਼ ਜਾਣ ਦੇ ਵੱਧਦੇ ਹੋਏ ਰੁਝਾਨ ਕਾਰਨ ਹਰ ਸ਼ਹਿਰ 'ਚ ਖੁੱਲੇ ਆਈਲੈਟਸ ਸੈਂਟਰਾਂ 'ਚ ਹਜ਼ਾਰਾਂ ਮੁੰਡੇ-ਕੁੜੀਆਂ ਧੜਾਧੜ ਆਈਲੈਟਸ ਦੀਆਂ ਕਲਾਸਾਂ ਲਗਾ ਰਹੇ ਹਨ। ਨੌਜਵਾਨ ਪੀੜ੍ਹੀ ਵੱਡੀ ਗਿਣਤੀ 'ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜੀਲੈਂਡ ਤੇ ਹੋਰਨਾਂ ਦੇਸ਼ਾਂ 'ਚ ਜਾ ਚੁੱਕੀ ਹੈ ਅਤੇ ਬਾਕੀ ਜਾਣ ਨੂੰ ਕਾਹਲੇ ਪਏ ਹੋਏ ਹਨ।
ਸਰਕਾਰ ਦੇਵੇ ਧਿਆਨ 
ਪੰਜਾਬ ਸਰਕਾਰ ਤੇ ਸਾਰੀਆਂ ਸਿਆਸੀ ਧਿਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਜੇਕਰ ਪੰਜਾਬ ਨੂੰ ਹੀ ਚੰਗਾ ਬਣਾ ਲਿਆ ਜਾਵੇ ਤਾਂ ਫਿਰ ਲੋਕ ਬਿਗਾਨੇ ਦੇਸ਼ਾਂ ਵਲ ਮੂੰਹ ਕਿਉਂ ਕਰਨ। ਸਰਕਾਰ ਇਧਰ ਹੀ ਸਾਰੇ ਬੇਰੁਜ਼ਗਾਰ ਨੌਜਵਾਨਾਂ ਅਤੇ ਕੁੜੀਆਂ ਨੂੰ ਰੁਜ਼ਗਾਰ ਦੇਵੇ।


author

rajwinder kaur

Content Editor

Related News