ਸਾਵਣ ਦੀ ਪਹਿਲੀ ਵਰਖਾ ਨੇ ਬਦਲਿਆ ਮੌਸਮ, ਗਰਮੀ ਤੋਂ ਮਿਲੀ ਵੱਡੀ ਰਾਹਤ
Wednesday, Jul 22, 2026 - 02:48 AM (IST)
ਬੁਢਲਾਡਾ (ਮਨਜੀਤ) - ਸਾਵਣ ਦੇ ਮਹੀਨੇ ਦੀ ਪਹਿਲੀ ਵਰਖਾ ਨੇ ਇਲਾਕੇ ਦਾ ਮੌਸਮ ਸੁਹਾਵਣਾ ਬਣਾ ਦਿੱਤਾ ਹੈ। ਲਗਾਤਾਰ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਪ੍ਰੇਸ਼ਾਨ ਲੋਕਾਂ ਨੇ ਇਸ ਮੀਂਹ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਮੀਂਹ ਨਾਲ ਤਾਪਮਾਨ ਵਿੱਚ ਗਿਰਾਵਟ ਆਈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਅਤੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਬਾਰਿਸ਼ ਸ਼ੁਰੂ ਹੁੰਦੇ ਹੀ ਬੱਚੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਮੀਂਹ ਵਿੱਚ ਨਹਾ ਕੇ ਖੂਬ ਮਸਤੀ ਕੀਤੀ। ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਸਾਫ਼ ਨਜ਼ਰ ਆਈ। ਰੁੱਖ-ਬੂਟੇ, ਪੰਛੀ ਅਤੇ ਪਸ਼ੂ ਵੀ ਇਸ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਕਈ ਥਾਵਾਂ 'ਤੇ ਲੋਕਾਂ ਵੱਲੋਂ ਚੌਲਾਂ ਦੇ ਲੰਗਰ ਅਤੇ ਭੰਡਾਰੇ ਵੀ ਲਗਾਏ ਗਏ ਅਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ ਗਿਆ।
ਉੱਘੇ ਸਮਾਜ ਕਰਮਜੀਤ ਸਿੰਘ ਉੱਡਤ ਸੈਦੇਵਾਲਾ, ਸੁਖਵਿੰਦਰ ਸਿੰਘ ਮੰਘਾਣੀਆਂ, ਜਸਪਾਲ ਸਿੰਘ ਗੰਢੂ ਕਲਾਂ, ਹਰਵਿੰਦਰ ਸਿੰਘ ਸੇਖੋਂ ਅਤੇ ਜਗਰੂਪ ਸਿੰਘ ਸਤੀਕੇ ਨੇ ਕਿਹਾ ਕਿ ਸੌਣ ਦੀ ਇਹ ਪਹਿਲੀ ਵਰਖਾ ਕੁਦਰਤ ਦੀ ਵੱਡੀ ਬਖ਼ਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਫਸਲਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ ਅਤੇ ਜੇਕਰ ਅਗਲੇ ਕੁਝ ਦਿਨ ਵੀ ਇਸੇ ਤਰ੍ਹਾਂ ਵਰਖਾ ਜਾਰੀ ਰਹੀ ਤਾਂ ਖੇਤੀਬਾੜੀ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਵਰਖਾ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਰਾਹਤ ਮਿਲੇਗੀ। ਖੇਤਾਂ ਵਿੱਚ ਨਮੀ ਬਣੇਗੀ, ਝੋਨੇ ਅਤੇ ਹੋਰ ਫਸਲਾਂ ਨੂੰ ਪਾਣੀ ਦੀ ਲੋੜ ਪੂਰੀ ਹੋਵੇਗੀ ਅਤੇ ਬਿਜਲੀ ਦੀ ਖਪਤ ਵਿੱਚ ਵੀ ਕਮੀ ਆਵੇਗੀ, ਕਿਉਂਕਿ ਗਰਮੀ ਘਟਣ ਨਾਲ ਕੂਲਰਾਂ ਅਤੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਘੱਟ ਹੋ ਜਾਵੇਗੀ।

ਸਮਾਜ ਸੇਵੀਆਂ ਨੇ ਕਿਹਾ ਕਿ ਅੱਜ ਦਾ ਮੌਸਮ ਸਿਆਲ ਵਰਗਾ ਮਹਿਸੂਸ ਹੋ ਰਿਹਾ ਹੈ ਅਤੇ ਹਰ ਪਾਸੇ ਤਾਜ਼ਗੀ ਦਾ ਅਹਿਸਾਸ ਹੈ। ਉਨ੍ਹਾਂ ਪਰਮਾਤਮਾ ਦਾ ਧੰਨਵਾਦ ਕਰਦਿਆਂ ਅਰਦਾਸ ਕੀਤੀ ਕਿ ਇਸੇ ਤਰ੍ਹਾਂ ਸਮੇਂ-ਸਿਰ ਵਰਖਾ ਹੁੰਦੀ ਰਹੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਭਰਪੂਰ ਹੋਣ ਅਤੇ ਹਰ ਵਰਗ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਵੇ। ਸਾਵਣ ਦੀ ਪਹਿਲੀ ਵਰਖਾ ਨੇ ਨਾ ਸਿਰਫ਼ ਮੌਸਮ ਨੂੰ ਖੁਸ਼ਗਵਾਰ ਬਣਾਇਆ ਹੈ, ਸਗੋਂ ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਵੀ ਵਾਪਸ ਲਿਆ ਦਿੱਤੀ ਹੈ। ਇਸ ਵਰਖਾ ਨੂੰ ਇਲਾਕੇ ਦੇ ਲੋਕ ਕੁਦਰਤ ਦੀ ਅਨਮੋਲ ਸੌਗਾਤ ਮੰਨ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਚੰਗੀ ਬਾਰਿਸ਼ ਦੀ ਉਮੀਦ ਜਤਾ ਰਹੇ ਹਨ।
