ਪਹਿਲਾਂ ਸੁੱਕੇ ਲੰਘੇ ਦੁਸਹਿਰਾ ਤੇ ਦੀਵਾਲੀ, ਹੁਣ ਲੋਹਡ਼ੀ-ਮਾਘੀ ’ਤੇ ਵੀ ਖੀਸੇ ਖਾਲੀ

Sunday, Jan 13, 2019 - 02:07 AM (IST)

ਬਰਨਾਲਾ, (ਵਿਵੇਕ ਸਿੰਧਵਾਨੀ)- ਸਿੱਖਿਆ ਵਿਭਾਗ ਵਿਚ ਉੱਚ-ਪੱਧਰੀ ਮੈਰਿਟ ਅਤੇ ਟੈਸਟ ਦੇ ਅਾਧਾਰ ’ਤੇ ਭਰਤੀ ਹੋਏ ਐੱਸ. ਐੱਸ. ਏ./ਰਮਸਾ ਅਧਿਆਪਕਾਂ ’ਤੇ ਦਸ ਸਾਲਾਂ ਬਾਅਦ ਸੇਵਾਵਾਂ ਰੈਗੂਲਰ ਕਰਨ ਦੀ ਆਡ਼ ਹੇਠ ਮੌਜੂਦਾ ਤਨਖਾਹਾਂ ’ਤੇ 9 ਅਕਤੂਬਰ ਨੂੰ 75 ਫੀਸਦੀ ਕਟੌਤੀ ਦਾ ਕੁਹਾਡ਼ਾ ਚਲਾ ਕੇ ਇਸ ਫੈਸਲੇ ਨੂੰ ਜਬਰੀ ਮਨਜ਼ੂਰ ਕਰਵਾਉਣ ਦੇ ਰਾਹ ਤੁਲੀ ਹੋਈ ਕਾਂਗਰਸ ਸਰਕਾਰ ਜਿਥੇ ਘੱਟ ਤਨਖਾਹ ਦੀ ਆਪਸ਼ਨ ਨਾ ਮਨਜ਼ੂਰ ਕਰਨ ਵਾਲੇ ਅਧਿਆਪਕਾਂ ਨੂੰ ਵਿਕਟੇਮਾਈਜ਼ ਕਰ ਕੇ ਖੱਜਲ-ਖੁਆਰ  ਕਰ ਰਹੀ ਹੈ, ਉਥੇ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹ ਨਾ ਦੇ ਕੇ ਅਧਿਆਪਕਾਂ ਨੂੰ ਮਜ਼ਦੂਰੀ ਕਰਨ ਲਈ ਮਜਬੂਰ ਕਰ ਰਹੀ ਹੈ ਕਿਉਂਕਿ ਤਨਖਾਹ ਤੋਂ ਬਿਨਾਂ ਜਿਥੇ ਅਧਿਆਪਕ ਆਪਣੇ ਪਰਿਵਾਰਾਂ ਨੂੰ ਰੋਟੀ ਅਤੇ ਦਵਾਈ ਦਿਵਾਉਣ ਤੋਂ ਵੀ ਅਸਮਰੱਥ ਹਨ, ਉਥੇ ਦੁਸਹਿਰੇ, ਦੀਵਾਲੀ ਨਵੇਂ ਸਾਲ ਤੇ ਹੁਣ ਲੋਹਡ਼ੀ-ਮਾਘੀ ’ਤੇ ਵੀ ਅਧਿਆਪਕਾਂ ਦੇ ਖੀਸੇ ਖਾਲੀ ਹਨ, ਜਿਸ ਨੂੰ ਲੈ ਕੇ ਇਕ ਪਾਸੇ ਐੱਸ. ਐੱਸ. ਏ./ਰਮਸਾ ਅਧਿਆਪਕ ਸਰਕਾਰ ਦੇ ਇਸ ਜ਼ੁਲਮ ਦਾ ਸੰਤਾਪ ਹੰਢਾ ਰਹੇ ਹਨ, ਉਥੇ ਦੂਜੇ ਪਾਸੇ ਸਿੱਖਿਆ ਮੰਤਰੀ ਵੱਲੋਂ ਸਾਂਝੇ ਅਧਿਆਪਕ ਮੋਰਚੇ ਦੀ ਤਨਖਾਹ ਕਟੌਤੀ ਖਿਲਾਫ਼ 56 ਦਿਨ ਪਟਿਆਲੇ ਲੱਗੇ ਪੱਕੇ ਮੋਰਚੇ/ਭੁੱਖ ਹਡ਼ਤਾਲ ’ਤੇ 1 ਦਸੰਬਰ ਨੂੰ ਆ ਕੇ ਅਧਿਆਪਕਾਂ ਦੀਆਂ ਕੀਤੀਆਂ ਵਿਕਟੇਮਾਈਜ਼ੇਸ਼ਨਾਂ ਤੁਰੰਤ ਰੱਦ ਕਰਨ ਅਤੇ ਤਨਖਾਹ ਕਟੌਤੀ ਦੇ ਮਸਲੇ ਸਬੰਧੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਥਾਂ ਦੁਬਾਰਾ ਤੋਂ ਅਧਿਆਪਕਾਂ ਨੂੰ ਤਨਖਾਹ ਕਟੌਤੀ ਮਨਜ਼ੂਰ ਕਰਨ ਲਈ ਪੋਰਟਲ ਖੋਲ੍ਹ ਦਿੱਤਾ ਹੈ। ਇਸ ਨੂੰ ਲੈ ਕੇ ਸਮੂਹ ਅਧਿਆਪਕ ਜਗਤ ਵਿਚ ਕਾਂਗਰਸ ਸਰਕਾਰ ਖਿਲਾਫ਼ ਰੋਹ ਭਡ਼ਕ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲਾ  ਪ੍ਰਧਾਨ ਨਿਰਮਲ ਚੁਹਾਣਕੇ ਤੇ ਜ਼ਿਲਾ ਪ੍ਰੈੱਸ ਸਕੱਤਰ ਸੁਖਦੀਪ ਤਪਾ ਨੇ ਦੱਸਿਆ ਕਿ ਸਰਕਾਰ ਦੀ ਵਾਅਦਾ ਖਿਲਾਫ਼ੀ ਦਾ ਜਵਾਬ ਦੇਣ ਲਈ ਜਿਥੇ 13 ਜਨਵਰੀ ਨੂੰ ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲਾ  ਹੈੱਡ ਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਉਥੇ 3 ਫਰਵਰੀ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰ ਕੇ ਫੈਸਲਾਕੁੰਨ ਲਡ਼ਾਈ ਦੀ ਮੁਡ਼ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 20 ਜਨਵਰੀ ਨੂੰ ਸਮੂਹ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਕੀਤੇ ਜਾਣ ਵਾਲੇ ਘਿਰਾਓ ਵਿਚ ਵੀ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
 ਅੰਤ ’ਚ ਆਗੂਆਂ ਨੇ ਕਿਹਾ ਕਿ ਸਰਕਾਰ ਭਾਵੇਂ ਉਨ੍ਹਾਂ  ’ਤੇ ਕਿੰਨਾ ਵੀ ਜਬਰ ਢਾਅ ਲਵੇ ਪਰ ਉਹ ਸਰਕਾਰ ਦੇ ਤਨਖਾਹ ਕਟੌਤੀ ਦੇ ਫੈਸਲੇ ਨੂੰ ਮਨਜ਼ੂਰ ਨਹੀਂ ਕਰਨਗੇ ਅਤੇ ਇਸ ਫੈਸਲੇ ਨੂੰ ਵਾਪਸ ਕਰਵਾ ਕੇ ਪੂਰੀਆਂ ਤਨਖਾਹਾਂ ’ਤੇ ਰੈਗੂਲਰ ਕਰਵਾਉਣ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।


Related News