ਫਿਰੋਜ਼ਪੁਰ ਪੁਲਸ ਨੇ ਚੋਰ ਗਿਰੋਹ ਦੇ 2 ਮੈਂਬਰ ਕੀਤੇ ਕਾਬੂ, 20 ਮੋਟਰਸਾਈਕਲ ਸਮੇਤ 13 ਮੋਬਾਇਲ ਬਰਾਮਦ

06/29/2022 5:57:55 PM

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਵਿਚ ਆਉਂਦੇ ਜਾਂਦੇ ਲੋਕਾਂ ਦੇ ਮੋਬਾਇਲ ਫੋਨ ਖੋਹਣ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਏ.ਐੱਸ.ਆਈ. ਸ਼ਰਮਾ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਹੈ, ਜਿਨ੍ਹਾਂ ਪਾਸੋਂ 20 ਮੋਟਰਸਾਈਕਲ ਅਤੇ 13 ਮੋਬਾਈਲ ਬਰਾਮਦ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਸਰਦਾਰ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਡੀ.ਐੱਸ.ਪੀ ਸਿਟੀ ਸਤਵਿੰਦਰ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਐੱਸ.ਐੱਚ.ਓ ਇੰਸਪੈਕਟਰ ਮੋਹਿਤ ਧਵਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਦੋਂ ਥਾਣਾ ਸਿਟੀ ਦੀ ਪੁਲਸ ਪਾਰਟੀ ਸ਼ਰਮਾ ਸਿੰਘ ਦੀ ਅਗਵਾਈ ਹੇਠ ਅੱਡਾ ਖਾਈ ਵਾਲਾ ਦੇ ਏਰੀਆ ’ਚ ਗਸ਼ਤ ਅਤੇ ਸ਼ੱਕੀ ਲੋਕਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਕਿ ਆਕਾਸ਼ ਪੁੱਤਰ ਬਸੰਤ ਵਾਸੀ ਬਸਤੀ ਸ਼ੇਖਾਂਵਾਲੀ ਫਿਰੋਜ਼ਪੁਰ ਸ਼ਹਿਰ ਅਤੇ ਹੀਰਾ ਉਰਫ ਹੀਰੀ ਪੁੱਤਰ ਮਹਿੰਦਰ ਸਿੰਘ ਵਾਸੀ ਇੰਦਰਾ ਕਾਲੋਨੀ ਖਾਈ ਫੀਮੇ ਕੀ, ਆਉਂਦੇ-ਜਾਂਦੇ ਲੋਕਾਂ ਦੇ ਮੋਬਾਇਲ ਖੋਹਣ ਅਤੇ ਮੋਟਰਸਾਈਕਲ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ।  ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਚੋਰੀ ਕੀਤੇ ਹੋਏ ਮੋਟਰਸਾਈਕਲਾਂ ਅਤੇ ਲੋਕਾਂ ਤੋਂ ਖੋਹੇ ਗਏ ਮੋਬਾਇਲ ਫੋਨ ਵੇਚਣ ਲਈ ਬਸਤੀ ਭੱਟੀਆਂ ਵਾਲੀ ਕਿਲਾ ਰੋਡ ’ਤੇ ਇੱਕ ਡੇਅਰੀ ਦੇ ਕੋਲ ਝਾੜੀਆਂ 'ਚ ਲੁਕੇ ਗਾਹਕਾਂ ਦੀ ਉਡੀਕ ਕਰ ਰਹੇ ਹਨ।

ਇਹ ਵੀ ਪੜ੍ਹੋ- ਨਾਕਾਬੰਦੀ ਦੌਰਾਨ ਪੁਲਸ ਨੇ 2 ਕੁਇੰਟਲ 3 ਕਿਲੋ ਚੂਰਾ-ਪੋਸਤ ਸਮੇਤ 3 ਨੂੰ ਕੀਤਾ ਕਾਬੂ

ਇਸ ਸੂਚਨਾ ਦੇ ਆਧਾਰ ’ਤੇ ਏ.ਐਸ.ਆਈ ਸ਼ਰਮਾ ਸਿੰਘ ਅਤੇ ਉਨ੍ਹਾਂ ਦੀ ਪੁਲਿਸ ਪਾਰਟੀ ਨੇ ਤੁਰੰਤ ਦੱਸੀ ਗਈ ਜਗ੍ਹਾ ’ਤੇ ਰੇਡ ਕੀਤਾ ਅਤੇ ਨਾਮਜ਼ਦ ਚੋਰ ਅਕਾਸ਼ ਅਤੇ ਹੀਰਾ ਨੂੰ ਮੋਟਰਸਾਈਕਲਾਂ ਅਤੇ ਮੋਬਾਇਲਾਂ ਦੇ ਨਾਲ ਕਾਬੂ ਕਰ ਲਿਆ, ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਕੁਲ ਚੋਰੀ ਦੇ 20 ਮੋਟਰਸਾਈਕਲ ਅਤੇ ਲੋਕਾਂ ਤੋਂ ਖੋਹੇ ਹੋਏ 13 ਮੋਬਾਇਲ ਫੋਨ ਬਰਾਮਦ ਕਰ ਲਏ। ਇਸ ਮੌਕੇ ਡੀ.ਐਸ.ਪੀ ਸਤਵਿੰਦਰ ਸਿੰਘ ਵਿਰਕ ਅਤੇ ਐੱਸ.ਐੱਚ.ਓ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਫੜੇ ਗਏ ਚੋਰਾਂ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਉਹ ਸ਼ਹਿਰ, ਛਾਉਣੀ ਅਤੇ ਆਸ-ਪਾਸ ਦੇ ਇਲਾਕਿਆਂ ’ਚੋਂ ਮੋਟਰਸਾਈਕਲ ਚੋਰੀ ਕਰਦੇ ਸਨ ਅਤੇ ਆਉਣ-ਜਾਣ ਵਾਲੇ ਲੋਕਾਂ ’ਤੇ ਝਪਟੀ ਮਾਰ ਕੇ ਮੋਬਾਈਲ ਫੋਨ ਖੋਹ ਲੈਂਦੇ ਸਨ। ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਤੋਂ ਫੜੇ ਗਏ ਮੋਬਾਇਲ ਫੋਨਾਂ ਵਿਚ 2 ਐਪਲ, ਇਕ ਸੈਮਸੰਗ, ਇਕ ਰੈਡਮੀ, ਇਕ ਰੀਅਲਮੀ, 3 ਵੀਵੋ, 4 ਓਪੋ ਅਤੇ ਇਕ ਟੈਕਨੋ ਕੰਪਨੀ ਦੇ ਹਨ ਅਤੇ ਫੜੇ ਗਏ ਚੋਰ ਲੁਟੇਰਿਆਂ ਦੇ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਵਿਚ ਚੋਰੀ ਦੇ ਤਿੰਨ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਚੋਰ ਲੁਟੇਰਾ ਗਿਰੋਹ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਮੁਲਜ਼ਮਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਪੁਲਸ ਵੱਲੋਂ ਅਗਲੀ ਪੁੱਛਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਦੇ ਕਿਸ-ਕਿਸ ਨਾਲ ਸਬੰਧ ਹਨ ਅਤੇ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਕਿਸ-ਕਿਸ ਨੂੰ ਵੇਚੇ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News