ਸੀ. ਐੱਮ. ਦੇ ਸ਼ਹਿਰ 'ਚ ਸਮੌਗ ਦੀ ਦਹਿਸ਼ਤ
Friday, Nov 01, 2019 - 11:30 AM (IST)

ਪਟਿਆਲਾ (ਜੋਸਨ)—ਖੇਤਾਂ ਵਿਚ ਕਿਸਾਨਾਂ ਵੱਲੋਂ ਅੱਗ ਲਾਉਣ ਕਾਰਨ ਪਰਾਲੀ ਦੇ ਧੂੰਏਂ ਨਾਲ ਅਤੇ ਦੀਵਾਲੀ ਦੇ ਪਟਾਕਿਆਂ ਨੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਸਮੌਗ ਦੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਅਜੇ ਠੰਡ ਦਾ ਮੌਸਮ ਸ਼ੁਰੂ ਵੀ ਨਹੀਂ ਹੋਇਆ, ਧੁੰਦ ਤੋਂ ਬਿਨਾਂ ਹੀ ਸ਼ਾਮ ਅਤੇ ਸਵੇਰ ਵੇਲੇ ਸਮੌਗ ਕਾਰਣ ਹਨੇਰਾ ਫੈਲ ਜਾਂਦਾ ਹੈ। ਅਜਿਹਾ ਮੌਸਮ ਜ਼ਿਆਦਾਤਰ ਬਾਹਰਲੇ ਇਲਾਕਿਆਂ ਵਿਚ ਹੁੰਦਾ ਹੈ। ਖੇਤਾਂ ਵੱਲ ਜਾਂਦਿਆਂ ਸਮੌਗ ਹੋਰ ਵੀ ਵਧ ਜਾਂਦੀ ਹੈ।
ਇਸ ਖਤਰਨਾਕ ਮੌਸਮ ਕਾਰਨ ਟੀ. ਬੀ. ਹਸਪਤਾਲ ਅੰਦਰ ਮਰੀਜ਼ਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਟੀ. ਬੀ. ਅਤੇ ਚੈਸਟ ਰੋਗਾਂ ਦੇ ਮਾਹਿਰ ਸੀਨੀਅਰ ਡਾ. ਭਾਰਤ ਭੂਸ਼ਣ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿਚ ਮਰੀਜ਼ਾਂ ਦੀ 25 ਫੀਸਦੀ ਗਿਣਤੀ ਵਧ ਗਈ ਹੈ। ਜਿਹੜੇ ਮਰੀਜ਼ ਪਹਿਲਾਂ ਹੀ ਟੀ. ਬੀ., ਸਾਹ, ਦਮਾ, ਖਾਂਸੀ ਜਾਂ ਸਿਗਰਟ ਪੀਣ ਦੇ ਆਦੀ ਹੋਣ ਕਾਰਣ ਬੀਮਾਰੀ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਦੀ ਬੀਮਾਰੀ ਵਿਚ ਹੋਰ ਵੀ ਵਾਧਾ ਹੋ ਜਾਂਦਾ ਹੈ। ਇਸ ਦੇ ਨਾਲ ਹੀ ਖਾਸ ਕਰ ਕੇ ਬਜ਼ੁਰਗ ਅਵਸਥਾ ਵਿਚ ਅਤੇ ਕਈ ਵਾਰ ਕੰਮ-ਕਾਰਾਂ ਦੇ ਸਿਲਸਿਲੇ 'ਚ ਸੜਕਾਂ 'ਤੇ ਚੱਲਣ ਵਾਲੇ ਜ਼ਿਆਦਾਤਰ ਵਿਅਕਤੀ ਵੀ ਇਸ ਖਤਰਨਾਕ ਮੌਸਮ ਕਾਰਨ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।
ਪੰਜਾਬ ਵਿਚ ਫੈਲ ਰਹੀ ਸਮੌਗ ਕਾਰਨ ਅੱਜ ਟੀ. ਬੀ. ਹਸਪਤਾਲ ਪਟਿਆਲਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਵੇਖਿਆ ਗਿਆ ਕਿ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਆਸਮਾਨ 'ਚ ਧੂੰਏਂ ਦੀ ਚਾਦਰ ਛਾ ਜਾਣ ਕਾਰਨ ਕਈ ਇਲਾਕੇ 'ਚ ਦਿਨ ਦੇ ਸਮੇਂ ਹੀ ਸ਼ਾਮ ਦਾ ਭੁਲੇਖਾ ਪੈ ਰਿਹਾ ਹੈ। ਪ੍ਰਦੂਸ਼ਣ ਕਾਰਨ ਹਵਾ ਦੀ ਕੁਆਲਟੀ ਵੀ ਘਟੀ ਹੈ, ਜਿਸ ਕਾਰਣ ਲੋਕਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪ੍ਰਦੂਸ਼ਣ ਕਾਰਣ ਅੱਖਾਂ 'ਚ ਜਲਣ ਅਤੇ ਸਾਹ ਲੈਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ। ਪੰਜਾਬ ਦੇ ਕਈ ਇਲਾਕਿਆਂ ਵਿਚ ਧੂੰਏਂ ਕਾਰਣ ਦਿਨ ਦੇ ਸਮੇਂ ਵਿਜ਼ੀਬਿਲਟੀ ਘਟਣ ਕਾਰਣ ਸੜਕ ਹਾਦਸਿਆਂ ਦਾ ਖਤਰਾ ਵਧ ਗਿਆ ਹੈ।
ਸਵੇਰ-ਸ਼ਾਮ ਦੀ ਸੈਰ ਨਾ ਕਰਨ ਦੀ ਸਲਾਹ
ਇਸ ਸਮੇਂ ਪੰਜਾਬ ਵਿਚ ਫੈਲ ਰਹੀ ਸਮੌਗ ਦੇ ਹਾਲਾਤ ਨੂੰ ਵੇਖਦਿਆਂ ਡਾ. ਭਾਰਤ ਭੂਸ਼ਣ ਦਾ ਕਹਿਣਾ ਹੈ ਕਿ ਹੋ ਸਕੇ ਤਾਂ ਇਨ੍ਹਾਂ ਦਿਨਾਂ ਵਿਚ ਸਵੇਰ ਅਤੇ ਸ਼ਾਮ ਦੀ ਸੈਰ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਸਵੇਰ-ਸ਼ਾਮ ਠੰਡ ਹੋਣ ਕਾਰਣ ਧੂੰਏਂ ਦੇ ਕਣਾਂ ਵਿਚ ਨਮੀ ਆ ਜਾਂਦੀ ਹੈ, ਜੋ ਕਿ ਹੇਠਾਂ ਆ ਜਾਂਦੇ ਹਨ ਅਤੇ ਸਾਡੀ ਸਿਹਤ 'ਤੇ ਜਲਦੀ ਮਾਰ ਕਰਦੇ ਹਨ। ਠੰਡ ਦੇ ਮੌਸਮ ਕਾਰਣ ਇਨ੍ਹਾਂ ਦੀ ਮਾਰ ਅੱਖਾਂ 'ਤੇ ਵੀ ਜਲਦੀ ਪੈਂਦੀ ਹੈ। ਉਨ੍ਹਾਂ ਇਹ ਵੀ ਸਲਾਹ ਦਿੱਤੀ ਹੈ ਕਿ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਿਆ ਜਾਵੇ ਅਤੇ ਮੂੰਹ 'ਤੇ ਮਾਸਕ ਅਤੇ ਅੱਖਾਂ 'ਤੇ ਐਨਕਾਂ ਦੀ ਵਰਤੋਂ ਕੀਤੀ ਜਾਵੇ। ਜਿਹੜਾ ਮਰੀਜ਼ ਪਹਿਲਾਂ ਹੀ ਅਜਿਹੀ ਬੀਮਾਰੀ ਨਾਲ ਪੀੜਤ ਹੈ, ਉਸ ਨੂੰ ਦਵਾਈ ਪੂਰੀ ਤਰ੍ਹਾਂ ਸਮੇਂ ਸਿਰ ਖਾਣੀ ਚਾਹੀਦੀ ਹੈ। ਅਣਗਹਿਲੀ ਨਹੀਂ ਵਰਤਣੀ ਨਹੀਂ ਚਾਹੀਦੀ।