ਸ਼ਿਵਾਲਾ ਸੂਦ ਟਰੱਸਟ ਦੇ ਸਾਬਕਾ ਕੈਸ਼ੀਅਰ ਖਿਲਾਫ ਕੇਸ ਦਰਜ

Monday, Dec 24, 2018 - 04:10 AM (IST)

ਸ਼ਿਵਾਲਾ ਸੂਦ ਟਰੱਸਟ ਦੇ ਸਾਬਕਾ ਕੈਸ਼ੀਅਰ ਖਿਲਾਫ ਕੇਸ ਦਰਜ

ਮੋਗਾ, (ਆਜ਼ਾਦ)- ਟਰੱਸਟ ਸ਼ਿਵਾਲਾ ਰਾਮ ਕ੍ਰਿਸ਼ਨ ਸੂਦ  ਅਧੀਨ ਚੱਲਦੇ ਆਰ. ਕੇ. ਐੱਸ. ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੀਤ ਪ੍ਰਧਾਨ ਜਤਿੰਦਰ ਸੂਦ ਨੇ ਟਰੱਸਟ ਦੇ ਸਾਬਕਾ ਕੈਸ਼ੀਅਰ ਧੀਰਜ ਸੂਦ ਨਿਵਾਸੀ ਜੀ.ਟੀ.ਰੋਡ ਮੋਗਾ ’ਤੇ ਕਾਰਵਾਈ ਰਜਿਸਟਰ ਚੋਰੀ ਕਰ ਕੇ ਲੈ ਜਾਣ ਦਾ ਦੋਸ਼ ਲਾਇਆ। ਇਸ  ਮਾਮਲੇ ਸਬੰਧੀ ਉਨ੍ਹਾਂ ਥਾਣਾ ਸਿਟੀ ਸਾਊਥ ਮੋਗਾ ’ਚ 27 ਮਈ, 2017 ਨੂੰ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਸਾਨੂੰ ਪਤਾ ਲੱਗਾ ਹੈ ਕਿ ਸਾਡੇ ਪੁਰਾਣੇ ਕੈਸ਼ੀਅਰ/ਸਾਬਕਾ ਮੈਂਬਰ ਧੀਰਜ ਸੂਦ ਮੋਗਾ ਨੇ ਉਕਤ ਰਜਿਸਟਰ 21 ਦਸੰਬਰ, 2017 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਹੈ, ਜਿਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸੀ। ਟਰੱਸਟ ਦਾ ਉਕਤ ਰਜਿਸਟਰ ਵਾਪਸ ਕਰਵਾਇਆ ਜਾਵੇ ਅਤੇ ਨਾਲ ਹੀ ਧੀਰਜ ਸੂਦ ਖਿਲਾਫ ਰਜਿਸਟਰ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਜਾਵੇ। ਪੁਲਸ ਸੂਤਰਾਂ ਅਨੁਸਾਰ ਇਸ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਪਤਾ ਲੱਗਾ ਕਿ ਧੀਰਜ ਸੂਦ ਟਰੱਸਟ ਸ਼ਿਵਾਲਾ ਲਾਲਾ ਰਾਮ ਕ੍ਰਿਸ਼ਨ ਸੂਦ ਮੋਗਾ ਦਾ ਸਾਬਕਾ ਮੈਂਬਰ ਕਮ ਕੈਸ਼ੀਅਰ ਸੀ, ਜਿਸ ਨੂੰ ਟਰੱਸਟ ਵੱਲੋਂ 17 ਮਈ, 2017 ਨੂੰ ਕੱਢ ਦਿੱਤਾ ਗਿਆ ਸੀ। 
ਕੁੱਝ ਸਮਾਂ ਪਹਿਲਾਂ ਟਰੱਸਟ ਦਾ ਕਾਰਵਾਈ ਰਜਿਸਟਰ ਗੁੰਮ ਹੋ ਗਿਆ ਸੀ। ਇਸ ਸਬੰਧੀ ਥਾਣਾ ਸਿਟੀ ਸਾਊਥ ਮੋਗਾ ਵਿਚ ਰਿਪੋਰਟ ਦਰਜ ਹੋਈ ਸੀ। ਧੀਰਜ ਸੂਦ ਵੱਲੋਂ ਆਪਣੀ ਮੈਂਬਰਸ਼ਿਪ ਖਤਮ ਹੋਣ ਕਰਕੇ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਹੋਇਆ ਹੈ। ਉਕਤ ਰਜਿਸਟਰ ਉਸ ਨੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਹੈ। ਜਾਂਚ ਸਮੇਂ ਪਤਾ ਲੱਗਾ ਕਿ ਧੀਰਜ ਸੂਦ ਨੂੰ ਉਸ ਦੇ ਪਿਤਾ ਨਰੇਸ਼ ਸੂਦ ਦੀ ਮੌਤ ਹੋਣ ਦੇ ਬਾਅਦ ਟਰੱਸਟ ਦਾ ਜੱਦੀ ਲਾਈਫ ਮੈਂਬਰ ਬਣਾਇਆ ਗਿਆ ਸੀ। ਇਸ ਮਾਮਲੇ ਵਿਚ ਧੀਰਜ ਸੂਦ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ ਟਰੱਸਟ ਦਾ ਲਾਈਫ ਟਾਈਮ ਮੈਂਬਰ ਹੈ ਅਤੇ ਮੈਂਬਰਸ਼ਿਪ ਵਿਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾ ਸਕਦਾ। ਉਸ ਨੇ ਉਕਤ ਰਜਿਸਟਰ ਆਪਣੀ ਮੈਂਬਰਸ਼ਿਪ ਦਾ ਪੱਕਾ ਸਬੂਤ ਹੋਣ ਕਰਕੇ 1 ਜੂਨ 2014 ਤੋਂ ਆਪਣੇ ਪਾਸ ਰੱਖਿਆ ਹੋਇਆ ਹੈ, ਜੋ ਉਸ ਨੇ ਮਾਣਯੋਗ ਅਦਾਲਤ ਵਿਚ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਲਾਇਆ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਡੀ.ਐੱਸ.ਪੀ. ਮੋਗਾ ਵੱਲੋਂ ਕਾਨੂੰਨੀ ਰਾਏ ਹਾਸਲ ਕਰਨ ਲਈ ਭੇਜਿਆ ਅਤੇ ਉਪ ਜ਼ਿਲਾ ਅਟਾਰਨੀ ਲੀਗਲ ਤੋਂ ਕਾਨੂੰਨੀ ਰਾਏ ਹਾਸਲ ਕਰਨ ਤੋਂ ਬਾਅਦ ਕਥਿਤ ਦੋਸ਼ੀ  ਖਿਲਾਫ ਥਾਣਾ ਸਿਟੀ ਸਾਊਥ ਮੋਗਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਬਲਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।


Related News