ਜਾਅਲੀ ਸਰਟੀਫਿਕੇਟਾਂ ’ਤੇ ਨੌਕਰੀ ਕਰ ਚੁੱਕੀ ਅਧਿਆਪਕਾ ਵਿਰੁੱਧ ਮੁਕਦਮਾ ਦਰਜ

04/02/2022 5:31:20 PM

ਮਲੋਟ (ਸ਼ਾਮ ਜੁਨੇਜਾ) : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਦੇ ਅਦੇਸ਼ਾਂ ’ਤੇ ਫਰਜੀ ਸਰਟੀਫਿਕੇਟ ’ਤੇ ਨੌਕਰੀ ਕਰ ਚੁੱਕੀ ਇਕ ਅਧਿਆਪਕਾ ਵਿਰੁੱਧ ਕਬਰਵਾਲਾ ਪੁਲਸ ਨੇ ਧੋਖਾਧੜੀ ਦਾ ਮੁਕਦਮਾ ਦਰਜ ਕੀਤਾ ਹੈ ।ਪੁਲਸ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਸ਼ਿਕਾਇਤ ’ਤੇ ਸੀਨੀਅਰ ਕਪਤਾਨ ਵੱਲੋਂ ਭੇਜੇ ਪੱਤਰ ਨੰਬਰ 12/24-2016(ਅ-5)/202241060  ਮਿਤੀ 4-3-22 ਅਨੁਸਾਰ ਸੁਖਵਿੰਦਰ ਕੌਰ ਪੁੱਤਰੀ ਪਾਲਾ ਸਿੰਘ ਅਧਿਆਪਕਾ ਸਰਕਾਰੀ ਮਿਡਲ ਸਕੂਲ ਮਾਹਣੀਖੇੜਾ ਕੰਪਲੈਕਸ ਬੁਰਜ ਸਿੱਧਵਾਂ ਨੇ ਅਧਿਆਪਕਾ ਦੀ ਨੌਕਰੀ ਹਾਸਲ ਕਰਨ ਲਈ ਦਸਵੀਂ ਜਮਾਤ ਦਾ ਲਾਇਆ ਸਾਰਟੀਫਿਕੇਟ ਜਾਅਲੀ ਹੈ।  ਇਸ ਸਬੰਧੀ ਹੌਲਦਾਰ ਖੁਸ਼ਵੰਤ ਸਿੰਘ ਵੱਲੋਂ ਜਾਂਚ ਉਪਰੰਤ ਡੀ.ਏ.ਲੀਗਲ ਦੀ ਰਾਇ ਤੋਂ ਬਾਅਦ ਸੁਖਵਿੰਦਰ ਕੌਰ ਪੁੱਤਰੀ ਪਾਲਾ ਸਿੰਘ ਵਿਰੁੱਧ ਥਾਣਾ ਕਬਰਵਾਲਾ ਵਿਖੇ ਐੱਫ਼ ਆਈ ਆਰ ਨੰਬਰ 39 ਮਿਤੀ 1/4/22  ਅ/ਧ 420,468,471 ਆਈ ਪੀ ਸੀ ਤਹਿਤ ਮੁਕਦਮਾ ਦਰਜ ਕਰ ਲਿਆ ਹੈ |  ਜ਼ਿਕਰਯੋਗ ਹੈ ਸੁਖਵਿੰਦਰ ਕੌਰ ਵਿਰੁੱਧ ਸ਼ਿਕਾਇਤਾਂ ਅਤੇ ਫਰਜੀ ਸਰਟੀਫਿਕੇਟ ਮਾਮਲੇ ਦੀ ਪੋਲ ਖੁੱਲਣ ਤੋਂ ਬਾਅਦ ਉਸਨੇ 2014 ਵਿਚ ਨੌਕਰੀ ਛੱਡ ਦਿੱਤੀ ਸੀ । ਇਹ ਵੀ ਜ਼ਿਕਰਯੋਗ ਹੈ ਕਿ ਬੁਰਜ ਸਿੱਧਵਾਂ ਕੰਪਲੈਕਸ ਵਿਚ 4 ਅਧਿਆਪਕਾਂ ਨੇ ਨੌਕਰੀਆਂ ਹਾਸਲ ਕਰਨ ਲਈ ਫਰਜੀ ਦਸਤਾਵੇਜਾਂ ਦਾ ਆਸਰਾ ਲਿਆ ਸੀ ਅਤੇ ਇਨ੍ਹਾਂ ਵਿਚੋਂ ਸੁਖਵਿੰਦਰ ਕੌਰ ਸਮੇਤ ਤਿੰਨ ਅਧਿਆਪਕਾਵਾਂ ਨੇ ਨੌਕਰੀਆਂ ਛੱਡ ਦਿੱਤੀਆਂ ਸਨ ਜਦਕਿ ਇਕ ਦੇ ਅਜੇ ਵੀ ਡਿਊਟੀ ’ਤੇ ਹੋਣ ਦੀ ਖਬਰ ਹੈ ਭਾਵੇਂ ਉਸਨੇ ਆਪਣੀ ਬਦਲੀ ਕਿਸੇ ਬਾਹਰੀ ਜ਼ਿਲੇ ਦੀ ਕਰਾ ਲਈ ਹੈ ।

ਇਹ ਵੀ ਪੜ੍ਹੋ : ਕੁੱਤੇ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਭਿਆਨਕ ਰੂਪ, ਇਕ ਵਿਅਕਤੀ ਦੀ ਮੌਤ

ਫਰਜ਼ੀ ਦਸਤਾਵੇਜਾਂ ’ਤੇ ਸਿੱਖਿਆ ਵਿਭਾਗ ਵਿਚ ਤਾਇਨਾਤ ਸੈਂਕੜੇ ਕਰਮਚਾਰੀਆਂ ਦੀ ਖੁੱਲ ਸਕਦੀ ਹੈ ਪੋਲ 

ਨਵੀਂ ਸਰਕਾਰ ਹੋਂਦ ਵਿਚ ਆਉਣ ਨਾਲ ਜਾਅਲੀ ਸਾਰਟੀਫਿਕੇਟਾਂ ਸਹਾਰੇ ਨੌਕਰੀਆਂ ਲੈਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਦੀ ਸ਼ਾਮਤ ਆ ਸਕਦੀ ਹੈ | ਵਿਭਾਗ ਨਾਲ ਜੁੜੇ ਰਹੇ ਇਕ ਮਾਹਿਰ ਨੇ ਦੱਸਿਆ ਕਿ ਸਿਰਫ ਇਕ ਸਕੂਲ ਅਧੀਨ ਕੰਮ ਕਰਨ ਵਾਲੇ 4 ਟੀਚਰਾਂ ਦੇ ਸਾਰਟੀਫਿਕੇਟਾਂ ਦੇ ਫਰਜ਼ੀ ਹੋਣ ਦੇ ਖੁਲਾਸੇ ਤੋਂ ਸਪਸ਼ਟ ਹੈ ਕਿ ਪੰਜਾਬ ਅੰਦਰ ਪਿਛਲੇ ਸਮਿਆਂ ਵਿਚ ਸਰਵ ਸਿੱਖਿਆ ਅਭਿਆਨ ਤਹਿਤ ਵੱਖ ਵੱਖ ਕੇਡਰਾਂ ਦੇ 5 ਹਜ਼ਾਰ ਅਧਿਆਪਕ ਜਾਅਲੀ ਦਸਤਾਵੇਜਾਂ ਤੇ ਸਿੱਖਿਆ ਵਿਭਾਗ ਵਿਚ ਲੈਕਚਰਾਰ/ਮਾਸਟਰ / ਕਲਰਕ ਸਮੇਤ ਪੋਸਟਾਂ ’ਤੇ ਤਾਇਨਾਤ ਹਨ | ਇਕੱਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ 250 ਅਧਿਆਪਕ ਭਰਤੀ ਹੋਏ ਸਨ ਜਿਨ੍ਹਾਂ ਵਿਚੋਂ 50 ਦੇ ਕਰੀਬ ਹੁਣ ਤੱਕ ਅਸਤੀਫ਼ੇ ਦੇ ਚੁੱਕੇ ਹਨ ਅਤੇ 200 ਦੇ ਕਰੀਬ ਬਾਹਰਲੇ ਜ਼ਿਲ੍ਹਿਆਂ ’ਚ ਬਦਲੀਆਂ ਕਰਾ ਗਏ ਹਨ ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਚੇਤ ਦੇ ਨਵਰਾਤਿਆਂ ’ਤੇ ਦਿੱਤੀਆਂ ਸ਼ੁੱਭਕਾਮਨਾਵਾਂ

ਬੇਸ਼ੱਕ ਸਿੱਖਿਆ ਵਿਭਾਗ ਵਿਚ ਅਜਿਹੇ ਅਧਿਆਪਕਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਹੈ ਪਰ ਜ਼ਿਆਦਾ ਅਧਿਆਪਕ ਤਰਨਤਾਰਨ , ਮੋਗਾ, ਅੰਮ੍ਰਿਤਸਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਹਨ ਪਰ ਇਨ੍ਹਾਂ ਭਰਤੀਆਂ ਦੀ ਜੜ ਮਲੋਟ ਨਾਲ ਸਬੰਧਤ ਹੈ ਕਿਉਂਕਿ ਸਿੱਖਿਆ ਵਿਭਾਗ ਵਿਚ ਤਾਇਨਾਤ ਇਨ੍ਹਾਂ ਮੁੰਨਾ ਭਾਈ ਮਾਸਟਰਾਂ ਨੂੰ ਭਰਤੀ ਕਰਾਉਣ ਵਾਲਾ ਗਿਰੋਹ 2008 ਤੋਂ ਲੈਕੇ ਮਲੋਟ ਵਿਚ ਸਰਗਰਮ ਹੀ ਨਹੀਂ ਰਿਹਾ ਸਗੋਂ ਦਫਤਰ ਬਣਾ ਕਿ ਏਜੰਟਾਂ ਰਾਹੀਂ ਕੰਮ ਕਰਦਾ ਰਿਹਾ | ਜਿਸ ਵਿਚ ਡਰਾਇੰਗ ਮਾਸਟਰਾਂ ਦਾ ਮੁੱਦਾ ਕਾਫ਼ੀ ਸਮਾਂ ਗਰਮਾਇਆ ਰਿਹਾ ਪਰ ਬਾਅਦ ਵਿਚ ਠੱਪ ਦਿੱਤਾ । ਇਸ ਗਿਰੋਹ ਨੇ 2006 ਵਿਚ ਹੋਈ ਰੈਗੂਲਰ ਭਰਤੀ ਨਾਲ ਸਬੰਧੀ ਫਰਜੀ ਨਿਯੁਕਤੀ ਪੱਤਰ ਬਣਾ ਕਿ ਵੱਖ ਵੱਖ ਕੈਗਟਾਗਿਰੀਆਂ ਦੇ ਮਾਸਟਰ ਲੈਕਚਰਾਰਾਂ ਨੂੰ  2008-09 ਅਤੇ ਇਸ ਤੋਂ ਬਾਅਦ ਵੀ ਜੁਆਇੰਨ ਕਰਾਇਆ ਜਿਨ੍ਹਾਂ ’ਚ ਮੁੱਖ ਭੁਮਿਕਾ ਉਨ੍ਹਾਂ ਸਮਿਆਂ ਦੇ ਸਬੰਧਤ ਜ਼ਿਲ੍ਹਾ ਸਿੱਖਿਆ ਦਫਤਰ ਦੇ ਅਧਿਕਾਰੀਆਂ , ਸੂਪਰਡੈਟਾਂ ਅਤੇ ਕਲਰਕਾਂ ਦੀ ਹੈ | ਇਸ ਲਈ ਇਨ੍ਹਾਂ ਸਾਲਾਂ ਵਿਚ ਜੁਆਇਨ ਕਰਨ ਵਾਲੇ ਰੈਗੂਲਰ ਅਧਿਆਪਕਾਂ ਵਿਚੋਂ ਅਨੇਕਾਂ ਕੇਸ ਜਾਂਚ ਮੰਗਦੇ ਹਨ |  ਉਂਝ ਸਿੱਖਿਆ ਵਿਭਾਗ ਵਿਚ ਭਰਤੀ ਕਲਰਕਾਂ ਨੇ ਭਰਤੀ ਲਈ ਲਾਏ ਸਹਾਇਕ ਦਸਤਵੇਜਾ ਵਿਚ ਵੀ ਗੜਬੜੀ ਵੇਖਣ ਨੂੰ  ਮਿਲੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News