ਫਿਰੋਜ਼ਪੁਰ : ਸਿਵਲ ਹਸਪਤਾਲ ’ਚ ਕੋਰੋਨਾ ਨਾਲ ਨਜਿੱਠਣ ਲਈ ਨਹੀਂ ਪੂਰੇ ਪ੍ਰਬੰਧ, ਲੋਕ ਕਰ ਰਹੇ ਮੁਸ਼ਕਲਾਂ ਦਾ ਸਾਹਮਣਾ

05/05/2021 7:08:36 PM

ਫਿਰੋਜ਼ਪੁਰ (ਕੁਮਾਰ)-ਜ਼ਿਲ੍ਹਾ ਫਿਰੋਜ਼ਪੁਰ ’ਚ ਕੋਰੋਨਾ ਦਾ ਕਹਿਰ ਵਰ੍ਹਾ ਰਿਹਾ ਹੈ ਅਤੇ ਇਸ ਸਮੇਂ ਸ਼ਹਿਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ 17 ਮਰੀਜ਼ ਦਾਖਲ ਹਨ, ਜਿਨ੍ਹਾਂ ’ਚੋਂ 4 ਨੂੰ ਆਕਸੀਜਨ ਲੱਗੀ ਹੋਈ ਹੈ ਅਤੇ 2 ਕੈਦੀ ਹਨ। ਕੋਵਿਡ ਦਾ ਟੈਸਟ ਕਰਨ ਵਾਲੇ ਸਟਾਫ ਕੋਲ ਕੰਪਿਊਟਰ ਤੇ ਲੈਪਟਾਪ ਨਹੀਂ ਹਨ ਅਤੇ ਡਿਊਟੀ ’ਤੇ ਤਾਇਨਾਤ ਸਟਾਫ ਬੜੀ ਮੁਸ਼ਕਿਲ ਨਾਲ ਆਪਣੇ ਮੋਬਾਇਲ ਫੋਨ ਤੋਂ ਲਏ ਗਏ ਸੈਂਪਲਾਂ ਦੀ ਆਨਲਾਈਨ ਰਿਪੋਰਟ ਭੇਜ ਰਿਹਾ ਹੈ। ਸਟਾਫ ਦੀ ਕਮੀ ਕਾਰਨ ਵੀ ਸੈਂਪਲਿੰਗ ਦੇ ਕੰਮ ’ਚ ਮੁਸ਼ਕਿਲ ਪੇਸ਼ ਆ ਰਹੀ ਹੈ।

PunjabKesari

ਮੋਬਾਇਲ ਫੋਨ ’ਤੇ ਰਿਪੋਰਟ ਨਾ ਆਉਣ ਕਾਰਨ ਲੋਕ ਪਰੇਸ਼ਾਨ
ਦੂਜੇ ਪਾਸੇ ਸਿਵਲ ਹਸਪਤਾਲ ਫਿਰੋਜ਼ਪੁਰ ’ਚ ਕੋਰੋਨਾ ਟੈਸਟ ਕਰਵਾਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਮੋਬਾਇਲ ’ਤੇ ਰਿਪੋਰਟ ਦਾ ਮੈਸੇਜ ਨਹੀਂ ਆ ਰਿਹਾ, ਜਿਸ ਕਾਰਨ ਟੈਸਟ ਕਰਵਾਉਣ ਵਾਲੇ ਲੋਕ ਮਜਬੂਰੀ ’ਚ ਇਧਰ-ਉਧਰ ਭਟਕ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ 28 ਅਪ੍ਰੈਲ ਤੋਂ ਇਹ ਮੁਸ਼ਕਿਲ ਪੇਸ਼ ਆ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਦੀ ਤਬੀਅਤ ਖਰਾਬ ਹੈ ਜਾਂ ਜਿਨ੍ਹਾਂ ਨੇ ਬਾਹਰ ਜਾਣਾ ਹੈ, ਉਨ੍ਹਾਂ ਨੂੰ ਖਾਸ ਕਰਕੇ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਹੁਣ ਤੱਕ ਨਹੀਂ ਚੱਲੇ ਵੈਂਟੀਲੇਟਰ
ਸਿਵਲ ਹਸਪਤਾਲ ’ਚ ਬੰਦ ਪਏ ਖਰਾਬ ਹੋਏ ਵੈਂਟੀਲੇਟਰ ਹੁਣ ਤੱਕ ਚੱਲ ਨਹੀਂ ਸਕੇ ਅਤੇ ਨਾ ਹੀ ਸਰਕਾਰ ਵੱਲੋਂ ਵੈਂਟੀਲੇਟਰ ਚਲਾਉਣ ਵਾਲੇ ਮਾਹਿਰ ਡਾਕਟਰ ਜਾਂ ਟੈਕਨੀਸ਼ੀਅਨ ਇਥੇ ਭੇਜੇ ਗਏ ਹਨ।ਹਸਪਤਾਲ ’ਚ ਸਫਾਈ ਅਤੇ ਬਿਜਲੀ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ : ਅੱਜਕੱਲ੍ਹ ਕੋਰੋਨਾ ਦੇ ਨਾਲ-ਨਾਲ ਡੇਂਗੂ ਦਾ ਕਹਿਰ ਵੀ ਵਧਣ ਲੱਗਾ ਹੈ ਅਤੇ ਅਜਿਹੀ ਹਾਲਤ ’ਚ ਸਫਾਈ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਹਨ ਤੇ ਬਿਜਲੀ ਦੀ ਕਿਸੇ ਵੀ ਹਾਲਤ ’ਚ ਕਟੌਤੀ ਨਹੀਂ ਹੋਣੀ ਚਾਹੀਦੀ। ਲੋਕਾਂ ਨੇ ਕਿਹਾ ਕਿ ਕਈ ਵਾਰ ਲਾਈਟ ਜਾਣ ’ਤੇ ਟੈਸਟਿੰਗ ਕਰ ਰਹੇ ਸਟਾਫ ਨੂੰ ਮੋਬਾਇਲ ਤੋਂ ਲਾਈਟ ਚਲਾ ਕੇ ਆਪਣਾ ਕੰਮ ਕਰਨਾ ਪੈਂਦਾ ਹੈ।

PunjabKesari

ਸੈਂਪਲ ਸਮੇਂ ਸਿਰ ਲੈਬ ’ਚ ਨਹੀਂ ਭੇਜੇ ਜਾ ਰਹੇ
ਸਿਵਲ ਹਸਪਤਾਲ ’ਚ ਜਿਨ੍ਹਾ ਲੋਕਾਂ ਦੇ 4 ਮਈ ਨੂੰ ਕੋਰੋਨਾ ਦੇ ਸੈਂਪਲ ਲਏ ਗਏ ਸਨ, ਉਹ ਹੁਣ ਤੱਕ ਟੈਸਟਿੰਗ ਲਈ ਲੈਬ ’ਚ ਭੇਜੇ ਨਹੀਂ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਐੱਨ. ਐੱਚ. ਐੱਮ. ਸਟਾਫ ਦੀ ਹੜਤਾਲ ਕਾਰਨ ਸੈਂਪਲ ਭੇਜਣ ’ਚ ਦੇਰੀ ਹੋ ਰਹੀ ਹੈ। ਕੀ ਕਹਿਣਾ ਹੈ ਸਿਵਲ ਸਰਜਨ ਫਿਰੋਜ਼ਪੁਰ : ਦੂਜੇ ਪਾਸੇ ਸੰਪਰਕ ਕਰਨ ’ਤੇ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਿੰਦਰ ਰਾਜ ਨੇ ਦੱਸਿਆ ਕਿ ਹਸਪਤਾਲ ’ਚ ਕੋਰੋਨਾ ਮਰੀਜਾਂ ਦਾ ਇਲਾਜ ਕਰਨ ਲਈ ਪੂਰੇ ਪ੍ਰਬੰਧ ਹਨ ਅਤੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੋ ਵੈਂਟੀਲੇਟਰ ਬੰਦ ਪਏ ਹਨ, ਨੂੰ ਜਲਦ ਚਾਲੂ ਕਰਨ ਲਈ ਪ੍ਰਕਿਰਿਆ ਜਾਰੀ ਹੈ। ਜਿਨ੍ਹਾਂ ਲੋਕਾਂ ਦੇ ਮੋਬਾਇਲ ਫੋਨ ’ਤੇ ਟੈਸਟਿੰਗ ਰਿਪੋਰਟ ਨਹੀਂ ਆ ਰਹੀ, ਉਸ ਦਾ ਜਲਦ ਹੱਲ ਕਰਵਾਇਆ ਜਾਵੇਗਾ ਅਤੇ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐੱਨ. ਐੱਚ. ਐੱਮ. ਯੂਨੀਅਨ ਦੀ ਹੜਤਾਲ ਕਾਰਨ ਲੋਕਾਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਫਿਰ ਵੀ ਮੈਡੀਕਲ ਸਟੂਡੈਂਟਸ ਨੂੰ ਨਾਲ ਲੈ ਕੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ।

PunjabKesari


Karan Kumar

Content Editor

Related News