ਪਿਓ-ਪੁੱਤ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ, ਪਿਓ ਦੀ ਮੌਤ

Friday, Dec 06, 2019 - 07:27 PM (IST)

ਪਿਓ-ਪੁੱਤ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ, ਪਿਓ ਦੀ ਮੌਤ

ਸੰਗਤ ਮੰਡੀ, (ਮਨਜੀਤ)— ਬੀਤੀ ਸ਼ਾਮ ਪਿੰਡ ਕੋਟਗੁਰੂ ਤੋਂ ਘੁੱਦਾ ਸੜਕ 'ਤੇ ਪਿੰਡ ਨਜ਼ਦੀਕ ਘੁੱਦਾ ਵਿਖੇ ਸਕੂਟਰੀ 'ਤੇ ਕੰਮ ਲਈ ਜਾ ਰਹੇ ਪਿਓ-ਪੁੱਤਰ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ 'ਚ ਪੁੱਤਰ ਦਾ ਤਾਂ ਬਚਾਅ ਹੋ ਗਿਆ ਪਰ ਸਕੂਟਰੀ ਦੇ ਪਿੱਛੇ ਬੈਠੇ ਉਸ ਦੇ ਪਿਤਾ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਤੇ ਉਸ ਦਾ ਪਿਤਾ ਕੌਰ ਸਿੰਘ ਵਾਸੀ ਕੋਟਗੁਰੂ ਕਿਸੇ ਕੰਮ ਲਈ ਪਿੰਡ ਘੁੱਦਾ ਜਾ ਰਹੇ ਸਨ, ਜਦ ਉਹ ਪਿੰਡ ਤੋਂ ਹਾਲੇ ਥੋੜ੍ਹੀ ਦੂਰ ਹੀ ਗਏ ਸਨ ਤਾਂ ਅੱਗੇ ਤੋਂ ਉਨ੍ਹਾਂ ਦੀ ਸਕੂਟਰੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਇਸ ਹਾਦਸੇ 'ਚ ਗੁਰਜੰਟ ਸਿੰਘ ਤਾਂ ਵਾਲ-ਵਾਲ ਬਚ ਗਿਆ ਪਰ ਸਕੂਟਰੀ ਦੇ ਪਿੱਛੇ ਬੈਠੇ ਉਸ ਦੇ ਪਿਤਾ ਕੌਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੱਕਰ ਮਾਰਨ ਵਾਲਾ ਵਾਹਨ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਫਰਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਕੌਰ ਸਿੰਘ ਵੱਲੋਂ ਆਪਣੀ ਪੋਤਰੀ ਦਾ ਵਿਆਹ ਰੱਖਿਆ ਹੋਇਆ ਸੀ, ਉਹ ਵਿਆਹ ਦੇ ਕਾਰਜਾਂ 'ਚ ਲੱਗੇ ਹੋਏ ਸਨ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਅਚਨਚੇਤ ਹੋਈ ਮੌਤ ਕਾਰਨ ਸਮੁੱਚੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
 


author

KamalJeet Singh

Content Editor

Related News