ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ  ਨਾਅਰੇਬਾਜ਼ੀ

Tuesday, Dec 18, 2018 - 02:28 AM (IST)

ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਦੇ ਬਾਹਰ  ਨਾਅਰੇਬਾਜ਼ੀ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪਿੰਡ ਸੰਘੇਡ਼ਾ ਦੇ ਕਿਸਾਨਾਂ ਦੇ ਇਕ ਵੱਡੇ ਵਫਦ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ  ਕੀਤੀ ਗਈ। ਨਾਅਰੇਬਾਜ਼ੀ ਤੋਂ ਬਾਅਦ ਇਹ ਵਫ਼ਦ ਬੀ. ਕੇ. ਯੂ. (ਡਕੌਂਦਾ) ਦੇ ਜ਼ਿਲਾ  ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,  ਜ਼ਿਲਾ  ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ,  ਜ਼ਿਲਾ  ਮੀਤ ਪ੍ਰਧਾਨਾਂ ਦਰਸ਼ਨ ਸਿੰਘ ਮਹਿਤਾ ਅਤੇ ਗੁਰਦੇਵ ਸਿੰਘ ਮਾਂਗੇਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਧਰਮ ਪਾਲ ਗੁਪਤਾ ਨੂੰ ਮਿਲਿਆ। 
ਵਫ਼ਦ ਵਲੋਂ ਦਿੱਤੇ ਗਏ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪਿੰਡ ਸੰਘੇਡ਼ਾ ਤੋਂ ਕਰਮਗਡ਼੍ਹ ਨੂੰ ਜਾਂਦੇ ਸਰਕਾਰੀ ਪਹੇ ’ਤੇ ਇਕ ਪਰਿਵਾਰ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਤੁਰੰਤ ਹਟਵਾਇਆ ਜਾਵੇ। ਡਿਪਟੀ ਕਮਿਸ਼ਨਰ ਬਰਨਾਲਾ ਨੇ ਇਕ ਹਫਤੇ ਦੇ ਅੰਦਰ-ਅੰਦਰ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਬਾਅਦ ’ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲਾ  ਆਗੂਆਂ ਨੇ ਕਿਹਾ ਕਿ ਹਾਲਾਂਕਿ ਡਿਪਟੀ ਕਮਿਸ਼ਨਰ ਬਰਨਾਲਾ ਨੇ ਇਸ ਮਸਲੇ ਨੂੰ ਹੱਲ ਕਰਨ ਲਈ ਸਿਰਫ਼ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ ਪਰ ਜਥੇਬੰਦੀ ਉਨ੍ਹਾਂ ਨੂੰ ਦੋ ਹਫਤੇ ਦਾ ਸਮਾਂ ਦਿੰਦੀ ਹੈ।
 ਜੇਕਰ 31 ਦਸੰਬਰ ਤੱਕ ਪ੍ਰਸ਼ਾਸਨ ਵਲੋਂ ਇਸ ਮਸਲੇ ਨੂੰ ਸਹੀ ਢੰਗ ਨਾਲ ਹੱਲ ਨਾ ਕੀਤਾ ਗਿਆ ਤਾਂ ਜਨਵਰੀ 2019 ਦੇ ਪਹਿਲੇ ਹਫਤੇ ਤੋਂ ਇਸ ਮਾਮਲੇ ਨੂੰ ਹੱਲ ਕਰਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲਾ  ਪ੍ਰਸ਼ਾਸਨ ਦੀ ਹੋਵੇਗੀ। ਇਸ ਵਫ਼ਦ ਵਿਚ ਹੋਰਨਾਂ ਤੋਂ ਇਲਾਵਾ ਮੇਜਰ ਸਿੰਘ ਪ੍ਰਧਾਨ ਸੰਘੇਡ਼ਾ, ਰਾਮ ਸਿੰਘ ਕਲੇਰ, ਨੰਬਰਦਾਰ ਨਛੱਤਰ ਸਿੰਘ, ਡਾ. ਰਾਵਿੰਦਰ ਸਿੰਘ, ਸੰਦੀਪ ਸਿੰਘ ਚੀਮਾ ਆਦਿ ਆਗੂ ਹਾਜ਼ਰ ਸਨ।


Related News