ਝੋਨੇ ਦੀ ਖਰੀਦ ਨੂੰ ਲੈ ਕੇ ਹੋ ਰਹੀ ਲੁੱਟ ਅਤੇ ਖੱਜਲ ਖੁਆਰੀ ਨੂੰ ਦੇਖਦੇ ਕਿਸਾਨਾਂ ਨੇ ਹਾਈਵੇ ''ਤੇ ਲਾਇਆ ਜਾਮ

11/19/2020 4:46:39 PM

ਲੰਬੀ/ਮਲੋਟ(ਜੁਨੇਜਾ)-ਮੰਡੀਆਂ 'ਚ ਝੋਨਾ ਵੇਚਣ ਆਏ ਕਿਸਾਨਾਂ ਦੀ ਹੋ ਰਹੀ ਲੁੱਟ ਅਤੇ ਖੱਜਲ ਖੁਆਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕੌਮੀ ਸ਼ਾਹ ਮਾਰਗ 9 ਉਪਰ ਮਾਹੂਆਣਾ ਨਹਿਰਾਂ 'ਤੇ ਧਰਨਾ ਲਾਇਆ। ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਮਨੋਹਰ ਸਿੰਘ ਸਿੱਖਵਾਲਾ, ਭੁਪਿੰਦਰ ਸਿੰਘ ਚੰਨੂੰ ਸਮੇਤ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਵਿਕਰੀ 'ਚ ਭਾਰੀ ਪ੍ਰ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੀ ਦੇ ਪਿੰਡ ਹਾਕੂਵਾਲਾ, ਢਾਣੀ ਤੇਲੀਆਂ ਵਾਲੀ, ਭੁੱਲਰ ਵਾਲਾ, ਰੋੜਾ ਵਾਲੀ, ਸਿੱਖ ਵਾਲਾ, ਕਿੱਲਿਆਵਾਲੀ, ਚੰਨੂੰ, ਲਾਲਬਾਈ, ਬਾਦਲ ਅਤੇ ਮਿਠੜੀ ਸਮੇਤ ਖਰੀਦ ਕੇਂਦਰਾਂ 'ਚ ਮਹੀਨਾ ਮਹੀਨਾ ਮੰਡੀਆਂ 'ਚ ਬੈਠਣ ਦੇ ਬਾਵਜੂਦ ਵੀ ਨਮੀਂ ਦੇ ਬਹਾਨੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।

PunjabKesari

ਉਨ੍ਹਾਂ ਕਿਹਾ ਪਤਾ ਕਰਨ ਤੇ ਸਾਹਮਣੇ ਆਇਆ ਹੈ ਕਿ ਡੀ.ਐੱਮ. ਦੀਆਂ ਹਦਾਇਤਾਂ ਤੇ ਖਰੀਦ ਏਜੰਸੀਆਂ ਦੇ ਇੰਸਪੈਕ ਸ਼ੈਲਰ ਮਾਲਕਾਂ ਦੀ ਮਿਲੀਭੁਗਤ ਨਾਲ ਖਰੀਦ ਮੌਕੇ 4-4 ਕਿੱਲੋਂ ਦੀ ਕਾਟ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਰੇਟ ਤੋਂ ਘੱਟ ਭਾਅ ਤੇ ਝੋਨਾ ਖਰੀਦਣਾ ਹੈ ਤਾਂ ਘੱਟੋ-ਘੱਟ ਸਮਰਥਨ ਮੁੱਲ ਦਾ ਕੀ ਅਰਥ ਰਹਿ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਉਨ੍ਹਾਂ ਵੱਲੋਂ ਪਰਸੋਂ ਵੀ ਤਹਿਸੀਲ ਕੋਲ ਧਰਨਾ ਅਤੇ ਜਾਮ ਲਾਇਆ ਸੀ ਪਰ ਅਧਿਕਾਰੀਆਂ ਨੇ ਖਰੀਦ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਸਮੱਸਿਆ ਦਾ ਹੱਲ ਨਾ ਕਰਨ ਤੇ ਅੱਜ ਉਹ ਫਿਰ ਧਰਨਾ ਅਤੇ ਜਾਮ ਲਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੇ ਤਿੰਨ ਕਾਨੂੰਨਾਂ ਵਿਰੁੱਧ ਦਿੱਲੀ ਦਰਬਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਹੋਇਆ ਸੀ ਪਰ ਹੁਣ ਖਰੀਦ ਨੂੰ ਲੈ ਕੇ ਖੱਜਲ ਖੁਆਰੀ ਕਰਕੇ ਪੰਜਾਬ ਅੰਦਰ ਕੈਪਟਨ ਸਰਕਾਰ ਦੀ ਖੋਟੀ ਨੀਅਤ ਸਾਹਮਣੇ ਆ ਗਈ ਹੈ ਜਿਸ ਕਰਕੇ ਕਿਸਾਨਾਂ ਨੂੰ ਮਜਬੂਰਨ ਸੜਕਾਂ ਤੇ ਜਾਮ ਲਗਾਉਣਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹਾਲੇ ਤੱਕ ਕੋਈ ਅਧਿਕਾਰੀ ਉਨ੍ਹਾਂ ਦੀ ਸੁਣਵਾਈ ਕਰਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।
 


Aarti dhillon

Content Editor

Related News