ਕਿਸਾਨ ਯੂਨੀਅਨ ਵੱਲੋਂ ਸਿੰਥੈਟਿਕ ਨਸ਼ਿਆਂ ਖਿਲਾਫ਼ ਜਾਗਰੂਕ ਕੈਂਪ ਦੀ ਸ਼ੁਰੂਆਤ
Thursday, Apr 03, 2025 - 08:40 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਭਾਰਤੀ ਕਿਸਾਨ ਯੂਨੀਅਨ (ਸ਼ਾਦੀਪੁਰ) ਵੱਲੋਂ ਇੱਥੇ ਚੰਡੀਗੜ੍ਹ-ਜ਼ੀਰਕਪੁਰ ਨੈਸ਼ਨਲ ਹਾਈਵੇਅ 'ਤੇ ਕਾਲਾਝਾੜ ਟੋਲ ਪਲਾਜ਼ਾ ਵਿਖੇ 'ਜਵਾਨੀ ਬਚਾਓ, ਸਿੰਥੈਟਿਕ ਨਸ਼ੇ ਭਜਾਓ ਅਤੇ ਖਸਖਸ ਦੀ ਖੇਤੀ ਲਿਆਓ' ਦਾ ਹੋਕਾ ਦਿੰਦੇ ਹੋਏ ਵੀਰਵਾਰ ਤੋਂ ਜਾਗਰੂਕਤਾ ਕੈਂਪ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਜਨਰਲ ਸਕੱਤਰ ਕੈਪਟਨ ਮੇਜਰ ਸਿੰਘ ਨੇ ਦੱਸਿਆ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਸਿੰਥੈਟਿਕ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਰੱਗ ਨਸ਼ਿਆਂ ਦੀ ਦਲਦਲ ਵਿਚ ਫ਼ਸਣ ਵਾਲੇ ਨੌਜਵਾਨ ਜਿੱਥੇ ਕੁੱਝ ਸਾਲਾਂ ਵਿੱਚ ਹੀ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਉੱਥੇ ਹੀ ਆਪਣੇ ਘਰਾਂ ਨੂੰ ਆਰਥਿਕ ਤੌਰ 'ਤੇ ਖਤਮ ਕਰ ਦਿੰਦੇ ਹਨ। ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਖਸਖਸ ਦੀ ਖੇਤੀ ਨੂੰ ਅਪਣਾਉਣ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਧੇਗੀ ਉੱਥੇ ਹੀ ਇਸਦੇ ਨਾਲ ਡਰੱਗ ਨਸ਼ਿਆਂ ਨੂੰ ਠੱਲ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੈਂਪ 10 ਅਪ੍ਰੈਲ ਤੱਕ ਚੱਲੇਗਾ ਜਿਸ ਦੌਰਾਨ ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਸਬੰਧੀ ਆਖਿਆ ਕਿ ਨਸ਼ੇੜੀਆਂ ਦੇ ਘਰ ਢਾਹੁਣ ਦੀ ਬਜਾਏ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਬਲਕਾਰ ਸਿੰਘ, ਗੁਰਜਿੰਦਰ ਸਿੰਘ ਗੱਜੂਮਾਜਰਾ, ਕਰਨੈਲ ਸਿੰਘ, ਹਰਬੰਸ ਸਿੰਘ ਦਦਹੇੜਾ, ਬਲਦੇਵ ਸਿੰਘ ਸ਼ਾਦੀਪੁਰ ਤੇ ਜਸਵੀਰ ਸਿੰਘ ਖੇੜੀ ਗਿੱਲਾਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।