ਝੋਨੇ ’ਚ ਨਮੀ ਦੀ ਮਾਤਰਾ ਵੱਧ ਕਰਨ ਨੂੰ ਲੈ ਕੇ ਕਿਸਾਨਾਂ ਕੀਤਾ ਹਾਈਵੇ ਜਾਮ

Thursday, Nov 01, 2018 - 12:33 AM (IST)

ਝੋਨੇ ’ਚ ਨਮੀ ਦੀ ਮਾਤਰਾ ਵੱਧ ਕਰਨ ਨੂੰ ਲੈ ਕੇ ਕਿਸਾਨਾਂ ਕੀਤਾ ਹਾਈਵੇ ਜਾਮ

 ਧਨੌਲਾ, (ਰਵਿੰਦਰ)- ਅੱਜ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜ਼ਿਲਾ ਟੀਮ ਦੀ ਅਗਵਾਈ ’ਚ ਸਰਕਾਰ ਵੱਲੋਂ ਝੋਨੇ ’ਚ ਨਮੀ ਦੀ ਮਾਤਰਾ ’ਚ ਤਹਿਸ਼ੁਦਾ ਮਾਤਰਾ ਨਾਲੋਂ ਵੱਧ ਨਮੀ ਵਾਲਾ ਝੋਨਾ ਖਰੀਦਣ ਦੀ ਮੰਗ ਨੂੰ ਲੈ ਕੇ ਹਰੀਗਡ਼੍ਹ ਵਿਖੇ ਕੌਮੀ ਮੁੱਖ ਮਾਰਗ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਲਵਾਈ ਲੇਟ ਕਰਨ ਕਰਕੇ ਜ਼ਿਆਦਾ ਸਿੱਲ੍ਹ ਆ ਰਹੀ ਹੈ ਕਿਉਂਕਿ ਹੁਣ ਮੌਸਮ ਠੰਡਾ ਹੋ ਗਿਆ ਹੈ, ਜਿਸ ਕਾਰਨ ਝੋਨਾ ਸੁੱਕ ਨਹੀਂ ਰਿਹਾ ਤੇ ਕਿਸਾਨ ਹਫਤਾ-ਹਫਤਾ ਮੰਡੀਆਂ ’ਚ ਰੁਲ ਰਿਹਾ ਹੈ। ਹੁਣ ਸਰਕਾਰ ਸ਼ੈਲਰ ਮਾਲਕਾਂ, ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨਾਲ ਮਿਲੀਭੁਗਤ ਕਰ ਕੇ 17 ਫੀਸਦੀ ਸ਼ਰਤ ਤੈਅ ਕਰ ਕੇ ਖਰੀਦ ਕੇਂਦਰ ਵਿਖੇ ਪਨਗ੍ਰੇਨ ਦੇ ਇੰਸਪੈਕਟਰ ਵੱਲੋਂ ਮਾਊਸਚਰ ਮੀਟਰ ’ਚ 3 ਪੁਆਇੰਟ ਦੀ ਗਡ਼ਬਡ਼ ਕਰ ਕੇ ਝੋਨਾ ਸਿੱਲ੍ਹਾ ਦੱਸ ਕੇ ਖਰੀਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਸਰਕਾਰ ਨੇ ਲੇਟ ਕਰਵਾਈ ਹੈ, ਹੁਣ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦਿਆਂ 25 ਫੀਸਦੀ ਨਮੀ ਵਾਲਾ ਝੋਨਾ ਤੁਰੰਤ ਖਰੀਦੇ ਜੇਕਰ ਖਰੀਦ ’ਚ ਢਿੱਲ-ਮੱਠ ਜਾਰੀ ਰਹੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਰੋਕਣ ਲਈ ਸਖਤੀ ਕੀਤੀ ਤਾਂ ਜੋ ਵੀ ਅਧਿਕਾਰੀ ਰੋਕਣ ਆਵੇਗਾ, ਉਸ ਦਾ ਵਿਰੋਧ ਕੀਤਾ ਜਾਵੇਗਾ। ਲੱਗੇ ਜਾਮ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
 ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਮੋਹਣ ਸਿੰਘ ਰੂਡ਼ੇਕੇ, ਜਰਨੈਲ ਸਿੰਘ ਬਦਰਾਂ, ਚਮਕੌਰ ਸਿੰਘ ਨੈਣੇਵਾਲ, ਗੁਰਮੀਤ ਸਿੰਘ ਬਦਰਾ, ਹਮੀਰ ਸਿੰਘ, ਜਰਨੈਲ ਸਿੰਘ ਜਵੰਧਾਪਿੰਡੀ, ਬਲੌਰ ਸਿੰਘ ਛੰਨਾਂ, ਬਲਵਿੰਦਰ ਸਿੰਘ, ਸਤਿਨਾਮ ਸਿੰਘ ਹਾਜ਼ਰ ਸਨ। ਜ਼ਿਲਾ ਫੂਡ ਕੰਟਰੋਲਰ ਨੇ ਕਿਸਾਨਾਂ   ਨੂੰ ਕਿਹਾ  ਕਿ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਜਿਸ  ’ਤੇ  ਕਿਸਾਨਾਂ ਜਾਮ ਖੋਲ੍ਹ ਦਿੱਤਾ। 
 ਰਾਈਸ ਮਿੱਲਰਜ਼ ਮਾਲੇਰਕੋਟਲਾ ਨੇ ਕੀਤੀ ਹਡ਼ਤਾਲ
 ਮਾਲੇਰਕੋਟਲਾ, (ਜ਼ਹੂਰ/ਸ਼ਹਾਬੂਦੀਨ)-ਮਾਲੇਰਕੋਟਲਾ ਦੇ ਸਮੂਹ ਰਾਈਸ ਮਿੱਲਰਜ਼ ਵੱਲੋਂ ਸਥਾਨਕ ਦਾਣਾ ਮੰਡੀ ਵਿਖੇ ਇਕ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਹਰਮਿੰਦਰ ਸਿੰਘ ਨਿੱਕਾ, ਗਗਨ ਗੁਪਤਾ ਅਤੇ ਅਨਿਲ ਜੈਨ ਨੇ ਦੱਸਿਆ ਕਿ ਉਕਤ ਮੀਟਿੰਗ ’ਚ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤਾ ਗਿਆ ਝੋਨਾ, ਜਿਸ ’ਚ ਨਮੀ ਦੀ ਮਾਤਰਾ ਨਿਰਧਾਰਿਤ ਮਾਪੰਦਡਾਂ ਤੋਂ ਬਹੁਤ ਜ਼ਿਆਦਾ ਹੋਣ ਕਰਕੇ ਅਤੇ ਕੁਆਲਿਟੀ ਖਰਾਬ ਹੋਣ ਦੇ ਰੋਸ ਵਜੋਂ 31 ਅਕਤੂਬਰ ਤੋਂ 2 ਨਵੰਬਰ ਤੱਕ ਹਡ਼ਤਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਝੋਨੇ ਦੀ ਲਿਫਟਿੰਗ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਮੰਗ ਕੀਤੀ ਕਿ ਉਕਤ ਖਰੀਦ ਕੀਤੇ ਝੋਨੇ ਦੀ ਨਮੀ ਅਤੇ ਕੁਆਲਿਟੀ ਦੁਬਾਰਾ ਚੈੱਕ ਕਰਵਾਈ ਜਾਵੇ। ਇਸ ਸਮੇਂ ਉਨ੍ਹਾਂ ਝੋਨੇ ’ਚ ਨਮੀ ਦੀ ਮਾਤਰਾ ਨੂੰ ਦੇਖਦੇ ਹੋਏ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਚਾਵਲਾਂ ਦੀ ਕੁਆਲਿਟੀ ਵਿਚ ਉਨ੍ਹਾਂ  ਨੂੰ ਰਿਆਇਤ ਦਿੱਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ’ਚ ਚਾਵਲਾਂ ਦਾ ਭੁਗਤਾਨ ਸਮੇਂ ’ਤੇ ਕੀਤਾ ਜਾ ਸਕੇ। ਇਸ ਸਮੇਂ ਕੁਲਦੀਪ ਸਿੰਘ ਬਾਪਲਾ, ਕਮਲ ਜਿੰਦਲ, ਸਾਜਿਦ ਗੋਰਾ, ਰਾਜੇਸ਼ ਕੁਮਾਰ ਮਿੰਟੂ, ਜਨੇਸ਼ ਜੈਨ, ਕ੍ਰਿਸ਼ਨ ਕੁਮਾਰ ਵਰਮਾ, ਸਾਹਿਲ ਗੁਪਤਾ, ਹਾਕਮ ਸਿੰਘ ਚੱਕ, ਰੋਕੀ ਜੈਨ ਅਤੇ ਹੋਰ ਕਈ ਰਾਈਸ ਮਿੱਲਰਜ਼ ਹਾਜ਼ਰ ਸਨ।


Related News