ਕਿਸਾਨ ਨੇ ਅਨੌਖੇ ਢੰਗ ਨਾਲ ਦਿੱਤੀਆਂ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ
Monday, Nov 11, 2019 - 09:11 PM (IST)

ਧੂਰੀ, (ਜੈਨ)- ਪਿੰਡ ਮੂਲੋਵਾਲ ਦੇ ਇਕ ਨੌਜਵਾਨ ਰਣਜੀਤ ਸਿੰਘ ਪੁੱਤਰ ਸਵ. ਜਥੇਦਾਰ ਫਤਿਹ ਸਿੰਘ ਨੇ ਆਪਣੇ ਖੇਤ ’ਚ ਟਰੈਕਟਰ ਰਾਹੀਂ ਜ਼ਮੀਨ ਵਾਹ ਕੇ ਜ਼ਮੀਨ ’ਤੇ ‘550 ਸਾਲ ਗੁਰੂ ਦੇ ਨਾਲ’ ਲਿਖ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਰਣਜੀਤ ਸਿੰਘ ਦੀ ਇਸ ਵਿਲੱਖਣ ਸੋਚ ਦੇ ਚੱਲਦਿਆ ਜਿੱਥੇ ਉਹ ਇਲਾਕੇ ਭਰ ਅੰਦਰ ਨਾਮਣਾ ਖੱਟ ਰਿਹਾ ਹੈ, ਉੱਥੇ ਹੀ ਸੋਸ਼ਲ ਮੀਡੀਆ ਰਾਹੀਂ ਉਹ ਦੇਸ਼-ਵਿਦੇਸ਼ ਅੰਦਰ ਬੈਠੇ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ਦੀ ਵਾਹ-ਵਾਹੀ ਦਾ ਕਾਰਣ ਬਣਿਆ ਹੋਇਆ ਹੈ।
ਇਸ ਸਬੰਧੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਲੰਘੇ ਦਿਨੀਂ ਆਪਣੇ ਖੇਤ ’ਚ ਜ਼ਮੀਨ ਵਾਹ ਰਿਹਾ ਸੀ ਅਤੇ ਉਸ ਵੇਲੇ ਉਸ ਦੇ ਮਨ ’ਚ ਗੁਰੂ ਸਾਹਿਬਾਨ ਨੂੰ ਲੈ ਕੇ ਕੁਝ ਕਰਨ ਦੀ ਕਸ਼ਮਕਸ਼ ਚੱਲ ਰਹੀ ਸੀ, ਉਸ ਨੇ ਦੱਸਿਆ ਕਿ ਕਰੀਬ ਇਕ ਘੰਟੇ ਬਾਅਦ ਉਸ ਨੇ ਬਿਨਾਂ ਕੁਝ ਸੋਚੇ ਸਮਝੇ ਆਪਣੇ ਟਰੈਕਟਰ ਦੀ ਲਿਫਟ ਹੇਠਾਂ ਕਰ ਕੇ ਆਪਣੀ ਜ਼ਮੀਨ ਵਾਹੁੰਦੇ ਹੋਏ ਉਸ ’ਤੇ 550 ਸ਼ਬਦ ਉਕੇਰ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸ ਨੂੰ ਅੱਗੇ ਵਧਾਉਣ ਦੀ ਸੋਚੀ। ਰਣਜੀਤ ਸਿੰਘ ਨੇ ਦੱਸਿਆ ਕਿ 550 ਲਿਖਣ ਤੋਂ ਬਾਅਦ ਉਸ ਦੇ ਮੰਨ ਅੰਦਰ ਖਿਆਲ ਆਇਆ ਕਿ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦਾ ਮਹੀਨਾ ਚੱਲ ਰਿਹਾ ਹੈ ਅਤੇ ਕਿਉਂ ਨਾ ਗੁਰੂਆਂ ਨੂੰ ਸ਼ਰਧਾ ਅਤੇ ਸਨਮਾਨ ਦੇ ਫੁੱਲ ਭੇਟ ਕੀਤੇ ਜਾਣ।
ਇਹ ਖਿਆਲ ਆਉਂਦੇ ਹੀ ਰਣਜੀਤ ਸਿੰਘ ਨੇ 550 ਦੇ ਨਾਲ ਆਪਣੇ ਟਰੈਕਟਰ ਦੀ ਲਿਫਟ ਨਾਲ ਆਪਣੇ ਢਾਈ ਏਕਡ਼ ਦੇ ਖੇਤ ’ਚ ‘550 ਸਾਲ ਗੁਰੂ ਦੇ ਨਾਲ’ ਸ਼ਬਦ ਵੀ ਉਕੇਰ ਦਿੱਤੇ। ਅਜਿਹਾ ਕਰਦੇ ਹੋਏ ਉਸ ਵੱਲੋਂ ਡਰੋਨ ਕੈਮਰੇ ਰਾਹੀਂ ਇਸ ਦੀ ਇਕ ਵੀਡੀਓ ਕਲਿੱਪ ਵੀ ਬਣਾਈ ਗਈ, ਜੋ ਕਿ ਸੋਸ਼ਲ ਮੀਡੀਆ ’ਤੇ ਪੂਰੀ ਚਰਚਾ ਦਾ ਵਿਸ਼ਾ ਬਣ ਗਈ। ਰਣਜੀਤ ਸਿੰਘ ਦੀ ਇਸ ਪਹਿਲ ਦੇ ਕਾਰਣ ਉਹ ਇਲਾਕੇ ਭਰ ਅੰਦਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।