ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਕਿਸਾਨ ਦੀ ਮੌਤ
Thursday, Dec 03, 2020 - 11:26 AM (IST)

ਸੰਗਤ ਮੰਡੀ, (ਮਨਜੀਤ)- ਪਿੰਡ ਜੈ ਸਿੰਘ ਵਾਲਾ ਵਿਖੇ ਸ਼ਾਮ ਸਮੇਂ ਛਟੀਆਂ ਦੀ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ ਨੌਜਵਾਨ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ (20) ਪੁੱਤਰ ਗੁਰਾਦਿੱਤਾ ਸਿੰਘ ਸ਼ਾਮ ਸਮੇਂ ਖ਼ੇਤ ’ਚੋਂ ਨਰਮੇ ਦੀਆਂ ਛਟੀਆਂ ਲੈਣ ਗਿਆ ਸੀ, ਜਦ ਉਕਤ ਕਿਸਾਨ ਛਟੀਆਂ ਦੀ ਭਰੀ ਟਰੈਕਟਰ-ਟਰਾਲੀ ਲੈ ਕੇ ਘਰ ਆ ਰਿਹਾ ਸੀ ਤਾਂ ਅਚਾਨਕ ਟਰਾਲੀ ਥਾਂ ਨੀਵਾਂ ਹੋਣ ਕਾਰਨ ਹੇਠਾਂ ਧਸ ਗਈ।
ਉਕਤ ਕਿਸਾਨ ਜਦ ਹੇਠਾਂ ਧਸੀ ਟਰਾਲੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਅਚਾਨਕ ਟਰਾਲੀ ਕਿਸਾਨ ’ਤੇ ਪਲਟ ਗਈ। ਕਿਸਾਨ ਨੂੰ ਟਰਾਲੀ ਤੋਂ ਹੇਠਾਂ ਕੱਢ ਕੇ ਆਸ-ਪਾਸ ਦੇ ਕਿਸਾਨਾਂ ਵਲੋਂ ਬਾਹਰ ਕੱਢ ਕੇ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦੀ ਮੌਤ ਹੋ ਗਈ। ਦੱਸਣਾ ਬਣਦਾ ਹੈ ਕਿ ਹਾਲੇ ਜਸਪ੍ਰੀਤ ਸਿੰਘ ਕੁਆਰਾ ਸੀ। ਅਚਨਚੇਤ ਵਾਪਰੀ ਘਟਨਾ ਕਾਰਨ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।