ਬੇਮੌਸਮੀ ਮੀਂਹ ਕਾਰਨ ਖ਼ਰਾਬ ਹੋਈ ਫ਼ਸਲ ਤੋਂ ਦੁਖ਼ੀ ਅਬੋਹਰ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ

05/07/2023 1:22:28 PM

ਅਬੋਹਰ(ਸੁਨੀਲ) : ਪਿਛਲੇ ਦਿਨੀਂ ਪਏ ਭਾਰੀ ਮੀਂਹ ਅਤੇ ਗੜ੍ਹੇਮਾਰੀ ਕਾਰਨ ਖ਼ਰਾਬ ਹੋਈ ਫ਼ਸਲ ਤੋਂ ਪ੍ਰੇਸ਼ਾਨ ਪਿੰਡ ਜੋਧਪੁਰ ਦੇ ਕਿਸਾਨ ਨੇ ਬੀਤੇ ਦਿਨੀਂ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸਦੀ ਬੀਤੀ ਰਾਤ ਮੌਤ ਹੋ ਗਈ। ਓਧਰ ਸ਼ਨੀਵਾਰ ਸਵੇਰੇ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ। ਮ੍ਰਿਤਕ ਗੁਰਮੀਤ ਸਿੰਘ (55) ਪੁੱਤਰ ਬੂਟਾ ਸਿੰਘ ਦੇ ਭਰਾ ਕੁਲਬੀਰ ਸਿੰਘ ਨੇ ਦੱਸਿਆ ਕਿ ਉਸ ਕੋਲ 14 ਏਕੜ ਜ਼ਮੀਨ ਸੀ। ਪਿਛਲੇ ਦਿਨੀਂ ਪਏ ਮੀਂਹ ਕਾਰਨ ਉਸ ਦੀ ਸਾਰੀ ਫ਼ਸਲ ਤਬਾਹ ਹੋ ਗਈ ਸੀ। ਭਾਵੇਂ ਪ੍ਰਸ਼ਾਸਨ ਵਲੋਂ ਪਿੰਡ ’ਚ ਖ਼ਰਾਬ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਵੀ ਕਰਵਾਈ ਗਈ ਪਰ ਅੱਜ ਤੱਕ ਇਕ ਰੁਪਏ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਸ ਦਾ ਭਰਾ ਪਿਛਲੇ ਕਈ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ।

ਇਹ ਵੀ ਪੜ੍ਹੋ- ਕੈਨੇਡਾ 'ਚ ਇਕ ਹੋਰ ਪੰਜਾਬੀ ਨੇ ਤੋੜਿਆ ਦਮ, ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

ਇਸੇ ਕਾਰਨ ਉਸ ਨੇ ਬੀਤੇ ਦਿਨੀਂ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਦੀ ਹਾਲਤ ਵਿਗੜਨ ’ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸਨੂੰ ਮਲੋਟ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਪਰ ਉੱਥੇ ਲਿਜਾਂਦੇ ਸਮੇਂ ਰਾਹ ’ਚ ਹੀ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ 2020 ’ਚ ਉਸ ਦੀ ਫ਼ਸਲ ਸੇਮ ਕਾਰਨ ਤਬਾਹ ਹੋ ਗਈ ਸੀ, ਪਿਛਲੇ ਸਾਲ ਉਸਦੇ ਨਰਮੇ ਨੂੰ ਚਿੱਟੇ ਮੱਛਰ ਨੇ ਤਬਾਹ ਕਰ ਦਿੱਤਾ ਸੀ ਅਤੇ ਇਸ ਵਾਰ ਗੜ੍ਹੇਮਾਰੀ ਨੇ ਉਸ ਦੀ ਸਾਰੀ ਫ਼ਸਲ ਤਬਾਹ ਕਰ ਦਿੱਤੀ ਸੀ। ਇੰਨਾ ਹੀ ਨਹੀਂ ਉਸ ਦਾ ਭਰਾ ਕਾਲੇ ਪੀਲੀਏ ਤੋਂ ਵੀ ਪੀੜਤ ਸੀ, ਜਿਸ ਦੇ ਇਲਾਜ ਲਈ ਕਾਫ਼ੀ ਪੈਸਾ ਖ਼ਰਚ ਹੋ ਗਿਆ ਅਤੇ ਬੈਂਕ ਦਾ ਕਰਜ਼ਾ ਵਧਦਾ ਗਿਆ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਭਰਾ ਨੇ ਇਹ ਕਦਮ ਚੁੱਕਿਆ। 

ਇਹ ਵੀ ਪੜ੍ਹੋ- ਕਬਾੜ ਇਕੱਠਾ ਕਰਨ ਨਹਿਰ 'ਚ ਉਤਰੇ 2 ਮੁੰਡਿਆਂ ਨਾਲ ਵਾਪਰੀ ਅਣਹੋਣੀ, ਇੰਝ ਨਿਕਲੇਗੀ ਜਾਨ ਸੋਚਿਆ ਨਾ ਸੀ

ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪੂਰੇ ਪਿੰਡ ’ਚ ਗੜ੍ਹੇਮਾਰੀ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਪ੍ਰਸ਼ਾਸਨ ਵਲੋਂ ਵਿਸ਼ੇਸ਼ ਗਿਰਦਾਵਰੀ ਕਰਵਾਈ ਗਈ ਸੀ ਪਰ ਇਸ ਦੇ ਬਾਵਜੂਦ ਕਿਸੇ ਵੀ ਕਿਸਾਨ ਨੂੰ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕੀਤੀ ਗਈ। ਬੱਲੂਆਣਾ ਹਲਕਾ ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਇਸ ਪਿੰਡ ਦੇ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਇਸ ਪਿੰਡ ਦੇ ਨਾਲ 15-20 ਪਿੰਡ ਹਨ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਮੁਆਵਜ਼ਾ ਜਾਰੀ ਕੀਤਾ ਜਾਣਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News