ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮਹੱਤਿਆ

Wednesday, Sep 11, 2019 - 07:18 PM (IST)

ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮਹੱਤਿਆ

ਸੰਗਤ ਮੰਡੀ (ਮਨਜੀਤ)-ਪਿੰਡ ਜੈ ਸਿੰਘ ਵਾਲਾ ਦੇ ਇਕ ਕਰਜ਼ਾਈ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਹਿਮਾ ਸਿੰਘ (48) ਪੁੱਤਰ ਕਰਨੈਲ ਸਿੰਘ ਸਿਰ 11 ਲੱਖ ਦੇ ਕਰੀਬ ਕਰਜ਼ਾ ਸੀ, ਜਿਸ 'ਚ ਪਿੰਡ ਵਾਲੀ ਬੈਂਕ 'ਚ 6 ਲੱਖ ਦੀ ਲਿਮਟ, ਬਠਿੰਡਾ ਸਥਿਤ ਗ੍ਰਾਮੀਣ ਬੈਂਕ 'ਚ ਦੋਵੇਂ ਭਰਾਵਾਂ ਦੇ ਸਾਂਝੇ ਖਾਤੇ 'ਚ 3 ਲੱਖ 50 ਹਜ਼ਾਰ ਦੀ ਲਿਮਟ, 50 ਹਜ਼ਾਰ ਦਾ ਲੋਨ, ਇਸ ਤੋਂ ਇਲਾਵਾ 80 ਹਜ਼ਾਰ ਦੇ ਕਰੀਬ ਆੜ੍ਹਤੀਆਂ ਦੇ ਪੈਸੇ ਅਤੇ ਫਾਈਨਾਂਸ 'ਤੇ ਇਕ ਟ੍ਰੈਕਟਰ ਲਿਆ ਸੀ। ਮਹਿਮਾ ਸਿੰਘ ਦਾ ਵਿਆਹ ਹੋਏ ਨੂੰ ਵੀ 25 ਸਾਲ ਦੇ ਕਰੀਬ ਹੋ ਗਿਆ ਸੀ ਪਰ ਕੋਈ ਬੱਚਾ ਨਾ ਹੋਣ ਕਾਰਣ ਉਸ ਦੀ ਅਤੇ ਸਿਰ ਚੜ੍ਹੇ ਲੱਖਾਂ ਦੇ ਕਰਜ਼ੇ ਦੀ ਮਾਨਸਿਕ ਟੈਨਸ਼ਨ ਰੱਖਦਾ ਆ ਰਿਹਾ ਸੀ। ਇਸੇ ਦੇ ਚੱਲਦਿਆਂ ਉਸ ਨੇ ਖ਼ੇਤ ਜਾ ਕੇ ਕੋਠੇ 'ਚ ਪਈ ਕੋਈ ਜ਼ਹਿਰੀਲੀ ਦਵਾਈ ਪੀ ਲਈ। ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਪਹਿਲਾਂ ਮਹਿਮਾ ਸਿੰਘ ਨੂੰ ਬਠਿੰਡਾ ਫਿਰ ਗੰਭੀਰ ਹਾਲਤ ਦੇ ਚੱਲਦਿਆਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਸੰਗਤ ਦੇ ਐੱਸ. ਆਈ. ਤਰਲੋਕ ਚੰਦ ਨੇ ਮ੍ਰਿਤਕ ਮਹਿਮਾ ਸਿੰਘ ਦੀ ਪਤਨੀ ਸੁਖਜੀਤ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ।


author

Karan Kumar

Content Editor

Related News