ਪੰਜਾਬ: 4 ਸਫੇ ਤੇ ਪੂਰੀ ਜ਼ਿੰਦਗੀ ਖ਼ਤਮ, ਰਿਟਾਇਰਡ ਪੁਲਸ ਇੰਸਪੈਕਟਰ ਨੇ ਨੂੰਹ ਤੋਂ ਤੰਗ ਆ ਚੁਕਿਆ ਖੌਫਨਾਕ ਕਦਮ
Tuesday, Jun 16, 2026 - 12:32 PM (IST)
ਸ਼ਾਹਕੋਟ (ਅਰਸ਼ਦੀਪ)- ਮਾਡਲ ਥਾਣਾ ਸ਼ਾਹਕੋਟ ਅਧੀਨ ਪੈਂਦੇ ਪਿੰਡ ਕੰਨੀਆਂ ਕਲਾਂ ਦੇ ਪੰਜਾਬ ਪੁਲਸ ’ਚੋਂ ਰਿਟਾਇਰਡ ਹਰਭਜਨ ਸਿੰਘ ਵੱਲੋਂ ਨੂੰਹ ਤੇ ਉਸ ਦੇ ਪੇਕੇ ਪਰਿਵਾਰ ਤੋਂ ਤੰਗ ਆ ਕੇ ਸਲਫਾਸ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ। ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਵਾਸੀ ਪਿੰਡ ਕੰਨੀਆਂ ਕਲਾਂ (ਸ਼ਾਹਕੋਟ) ਨੇ ਦੱਸਿਆ ਕਿ ਕੱਲ ਸ਼ਾਮ ਮੇਰੇ ਪਤੀ ਹਰਭਜਨ ਸਿੰਘ ਘਰ ਵਿਚ ਇਕੱਲੇ ਹੀ ਮੌਜੂਦ ਸਨ। ਮੇਰੇ ਪਤੀ ਨੇ ਪ੍ਰੇਸ਼ਾਨੀ ਵਿਚ ਆ ਕੇ ਸਲਫਾਸ ਨਿਗਲ ਲਈ, ਜਿਸ ਤੋਂ ਬਾਅਦ ਮੈਂ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਆਪਣੇ ਪਤੀ ਨੂੰ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ, ਜਿਥੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਨ੍ਹਾਂ ਨੂੰ ਜਲੰਧਰ ਵਿਖੇ ਲਿਜਾਇਆ ਗਿਆ ਤੇ ਰਸਤੇ ਵਿਚ ਹੀ ਲਾਂਬੜੇ ਦੇ ਨਜ਼ਦੀਕ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ-ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...
ਕੁਲਵੰਤ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਅਮਰਪ੍ਰੀਤ ਸਿੰਘ, ਜੋ ਆਕਲੈਂਡ (ਨਿਊਜ਼ੀਲੈਂਡ) ਵਿਖੇ ਰਹਿੰਦਾ ਹੈ। ਉਸ ਦਾ ਵਿਆਹ 2025 ਵਿਚ ਨਵਦੀਪ ਕੌਰ ਪੁੱਤਰੀ ਰਛਪਾਲ ਸਿੰਘ ਵਾਸੀ ਪਿੰਡ ਪਨਿਆਰ ਤਹਿਸੀਲ ਕਲਾਨੌਰ ਜ਼ਿਲਾ ਗੁਰਦਾਸਪੁਰ ਨਾਲ ਹੋਇਆ ਸੀ। ਇਹ ਕੁੜੀ ਵੀ ਨਿਊਜ਼ੀਲੈਂਡ ਵਿਖੇ ਹੀ ਰਹਿੰਦੀ ਸੀ। ਵਿਆਹ ਤੋਂ ਬਾਅਦ ਮੇਰਾ ਮੁੰਡਾ ਤੇ ਨੂੰਹ ਸਿਰਫ਼ 18 ਦਿਨ ਹੀ ਇੰਡੀਆ ਰਹੇ ਤੇ ਬਾਅਦ ਵਿਚ ਮੁੜ ਨਿਊਜ਼ੀਲੈਂਡ ਚਲੇ ਗਏ। ਉਨ੍ਹਾਂ ਦੱਸਿਆ ਕਿ ਨੂੰਹ ਨਵਦੀਪ ਕੌਰ ਮੇਰੇ ਮੁੰਡੇ ’ਤੇ ਆਪਣੀ ਆਕਲੈਂਡ ’ਚ ਨੌਕਰੀ ਛੱਡ ਕੇ ਗਿਸਬੋਰਨ ਵਿਚ ਜਾਣ ਲਈ ਦਬਾਅ ਪਾ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਮੇਰੇ ਮੁੰਡੇ ਦੇ ਘਰ ਆ ਕੇ ਉਸ ਨਾਲ ਬਦਸਲੂਕੀ ਕੀਤੀ, ਜਿਸ ਬਾਰੇ ਉਸ ਨੇ ਨਿਊਜ਼ੀਲੈਂਡ ਪੁਲਸ ਨੂੰ ਸੂਚਿਤ ਕੀਤਾ ਤੇ ਨਿਊਜ਼ੀਲੈਂਡ ਦੇ ਮੈਨੂਕਾਊ ਵਿਖੇ ਫੈਮਿਲੀ ਕੋਰਟ ਵਿਚ ਤਲਾਕ ਲੈਣ ਲਈ ਇਕ ਅਰਜ਼ੀ ਵੀ ਦਾਇਰ ਕੀਤੀ।
ਇਹ ਵੀ ਪੜ੍ਹੋ- ਪੰਜਾਬ : ਗੁਰਦੁਆਰਾ ਸਾਹਿਬ 'ਚ ਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼, ਸੇਵਾਦਾਰਾਂ ਨੇ ਫੜ ਕੇ ਕੀਤਾ ਪੁਲਸ ਹਵਾਲੇ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਆਪਣੇ ਰਿਸ਼ਤੇਦਾਰਾਂ ਨਾਲ ਆਕਲੈਂਡ ਸਥਿਤ ਘਰ ਵਿਖੇ ਆ ਕੇ ਆਪਣਾ ਸਾਰਾ ਸਾਮਾਨ ਗਿਸਬੋਰਨ ਵਿਖੇ ਲੈ ਗਈ ਸੀ। ਉਨ੍ਹਾਂ ਦੱਸਿਆ ਕਿ ਮੇਰੇ ਮੁੰਡੇ ਤੇ ਨੂੰਹ ਦਾ ਕੇਸ ਨਿਊਜ਼ੀਲੈਂਡ ਵਿਖੇ ਚੱਲ ਰਿਹਾ ਸੀ, ਇਸ ਦੇ ਬਾਵਜੂਦ ਮੇਰੀ ਨੂੰਹ ਦੇ ਪੇਕੇ ਪਰਿਵਾਰ ਨੇ ਮੇਰੇ ਤੇ ਮੇਰੇ ਪਤੀ ਖਿਲਾਫ ਬਟਾਲਾ ਪੁਲਸ ਥਾਣੇ ਵਿਖੇ ਸਿਆਸੀ ਦਬਾਅ ਹੇਠ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ। ਸਾਨੂੰ ਇਸ ਕੇਸ ’ਚੋਂ ਮਾਣਯੋਗ ਗੁਰਦਾਸਪੁਰ ਕੋਰਟ ਤੋਂ ਜ਼ਮਾਨਤ ਮਿਲ ਗਈ। ਉਨ੍ਹਾਂ ਦੱਸਿਆ ਕਿ ਮੈਂ ਤੇ ਮੇਰਾ ਪਤੀ 10 ਜੂਨ 2026 ਨੂੰ ਹੀ ਆਪਣੇ ਕੇਸ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਨਿਊਜ਼ੀਲੈਂਡ ਤੋਂ ਇੰਡੀਆ ਆਏ ਸਨ। ਕੁਲਵੰਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਹਰਭਜਨ ਸਿੰਘ ਨੂੰ ਨੂੰਹ, ਉਸ ਦੇ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਪਿਛਲੇ ਕਰੀਬ ਇਕ ਸਾਲ ਤੋਂ ਮਾਨਸਿਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕਦਮ ਚੁੱਕਿਆ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਰੂਟਾਂ 'ਤੇ ਦੌੜੇਗੀ ਵੰਦੇ ਭਾਰਤ, ਯਾਤਰੀਆਂ ਦਾ ਬਚੇਗਾ ਸਮਾਂ
ਉਨ੍ਹਾਂ ਦੱਸਿਆ ਕਿ ਉਹ ਇਨਸਾਫ਼ ਲੈਣ ਲਈ ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੂੰ ਮਿਲ ਕੇ ਹਰਭਜਨ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਲਿਖਿਆ ਚਾਰ ਸਫ਼ਿਆਂ ਵਾਲਾ ਇਕ ਸੁਸਾਈਡ ਨੋਟ ਵੀ ਸੌਂਪਿਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਨੂੰਹ, ਉਸ ਦੇ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਡੀ. ਐੱਸ. ਪੀ. ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਸ਼ਾਹਕੋਟ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਵਿਖੇ ਰਖਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਨਵਦੀਪ ਕੌਰ ਪੁੱਤਰੀ ਰਛਪਾਲ ਸਿੰਘ ਵਾਸੀ ਪਿੰਡ ਪਨਿਆਰ ਤਹਿਸੀਲ ਕਲਾਨੌਰ ਜ਼ਿਲਾ ਗੁਰਦਾਸਪੁਰ ਹਾਲ ਵਾਸੀ ਨਿਊਜ਼ੀਲੈਂਡ, ਰਛਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪਨਿਆਰ, ਜਗਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪਨਿਆਰ, ਜਗਜੀਤ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਪਿੰਡ ਅੱਠਵਾਲ (ਜ਼ਿਲਾ ਗੁਰਦਾਸਪੁਰ), ਬਲਜਿੰਦਰ ਸਿੰਘ ਕੰਗ ਸਾਬਕਾ ਸਰਪੰਚ ਵਾਸੀ ਪਿੰਡ ਬਿੱਲੇ ਥਾਣਾ ਮਹਿਤਪੁਰ, ਰਿਟਾ. ਪੁਲਸ ਇੰਸਪੈਕਟਰ ਸੁਬੇਗ ਸਿੰਘ ਵਾਸੀ ਪਿੰਡ ਧਰਮੀਵਾਲ ਥਾਣਾ ਸ਼ਾਹਕੋਟ, ਭੁਪਿੰਦਰ ਸਿੰਘ ਕੰਗ ਵਾਸੀ ਨਿਊਜ਼ੀਲੈਂਡ, ਗੋਪੀ ਵਾਸੀ ਨਿਊਜ਼ੀਲੈਂਡ, ਸਰਬਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪਨਿਆਰ ਹਾਲ ਵਾਸੀ ਨਿਊਜ਼ੀਲੈਂਡ ਤੇ ਬਰਿੰਦਰਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਪਨਿਆਰ ਹਾਲ ਵਾਸੀ ਨਿਊਜ਼ੀਲੈਂਡ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
