ਆਰਥਿਕ ਤੰਗੀ ਅਤੇ ਦਿਹਾੜੀ ਨਾ ਮਿਲਣ ''ਤੇ ਪ੍ਰਵਾਸੀ ਮਜ਼ਦੂਰ ਦੀ ਪਤਨੀ ਨੇ ਕੀਤੀ ਆਤਮ-ਹੱਤਿਆ
Monday, May 18, 2020 - 01:57 PM (IST)

ਫਰੀਦਕੋਟ (ਜਗਤਾਰ): ਫਰੀਦਕੋਟ ਦੇ ਸੁਸਾਇਟੀ ਨਗਰ 'ਚ ਇਕ 25 ਸਾਲਾ ਔਰਤ ਵਲੋਂ ਫੰਦਾ ਲਗਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਬਿਹਾਰ ਦੀ ਰਹਿਣ ਵਾਲੀ ਰੀਨਾ ਨਾਮਕ ਮਹਿਲਾ ਜਿਸ ਦਾ ਪਤੀ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਤਿੰਨ ਸਾਲ ਦੀ ਅਤੇ ਇਕ ਸੱਤ ਮਹੀਨੇ ਦੀ ਦੋ ਧੀਆਂ ਹਨ। ਕੋਰੋਨਾ ਮਹਾਮਾਰੀ ਦੇ ਚੱਲਦੇ ਦੇਸ਼ 'ਚ ਲਾਕਡਾਊਨ ਦੇ ਕਾਰਨ ਪਿਛਲੇ ਡੇਢ ਦੋ ਮਹੀਨੇ ਤੋਂ ਕੋਈ ਕੰਮ ਨਾ ਮਿਲਣ ਦੇ ਚੱਲਦੇ ਘਰ 'ਚ ਹੀ ਬੈਠੇ ਹਨ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਬੇਹੱਦ ਖਰਾਬ ਹੋ ਚੁੱਕੀ ਸੀ। ਘਰ 'ਚ ਖਾਣ-ਪੀਣ ਨੂੰ ਲੈ ਕੇ ਵੀ ਮੁਸ਼ਕਲ ਖੜ੍ਹੀ ਹੋ ਚੁੱਕੀ ਸੀ, ਜਿਸ ਨੂੰ ਲੈ ਕੇ ਮਹਿਲਾ ਕਾਫੀ ਪਰੇਸ਼ਾਨ ਰਹਿੰਦੀ ਸੀ ਅਤੇ ਜਿਸ ਕਾਰਨ ਉਸ ਨੇ ਘਰ 'ਚ ਲੱਗੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਫਿਲਹਾਲ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ 'ਚ ਰਖਵਾ ਦਿੱਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।