ਫੇਸਬੁੱਕ ’ਤੇ ਜਾਅਲੀ ਆਈ. ਡੀ. ਬਣਾ ਕੇ ਲੜਕੀ ਨੇ ਭਾਜਪਾ ਨੇਤਾ ਦੇ ਬੇਟੇ ’ਤੇ ਬਣਾਉਣਾ ਚਾਹਿਆ ਵਿਆਹ ਦਾ ਦਬਾਅ
Friday, Nov 23, 2018 - 04:21 AM (IST)

ਲੁਧਿਆਣਾ, (ਰਿਸ਼ੀ)- ਫੇਸਬੁੱਕ ’ਤੇ ਇਕੋ ਵੇਲੇ ਕਈ ਜਾਅਲੀ ਆਈ. ਡੀਜ਼ ਬਣਾ ਕੇ 21 ਸਾਲਾ ਲੜਕੀ ਇਕ ਪਰਿਵਾਰ ਦੇ ਸਾਰੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ। ਇੰਨਾ ਹੀ ਨਹੀਂ ਇਕ ਭਾਜਪਾ ਨੇਤਾ ਦੇ ਬੇਟੇ ’ਤੇ ਜ਼ਬਰਦਸਤੀ ਵਿਆਹ ਕਰਨ ਦਾ ਦਬਾਅ ਬਣਾਉਣਾ ਚਾਹਿਆ ਅਤੇ ਗੱਲ ਨਾ ਮੰਨਣ ’ਤੇ ਮਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਭਾਜਪਾ ਨੇਤਾ ਦੇ ਭਤੀਜੇ ਦੀ ਸ਼ਿਕਾਇਤ ’ਤੇ ਕਲਗੀਧਰ ਰੋਡ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਖਿਲਾਫ ਆਈ. ਟੀ. ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਸ. ਸਤਵੰਤ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਰਪੁਰਾ ਦੇ ਰਹਿਣ ਵਾਲੇ ਨਿਤਿਨ ਟੰਡਨ ਨੇ ਦੱਸਿਆ ਕਿ ਉਕਤ ਯੁਵਤੀ ਦੀਅਾਂ ਫੇਸਬੁੱਕ ’ਤੇ ਕਈ ਆਈ. ਡੀਜ਼ ਹਨ, ਜਿਨ੍ਹਾਂ ਦੇ ਜ਼ਰੀਏ ਉਹ ਕਾਫੀ ਸਮੇਂ ਤੋਂ ਉਸ ਨੂੰ ਤੇ ਪੂਰੇ ਪਰਿਵਾਰ ਨੂੰ ਗਲਤ ਮੈਸੇਜ ਭੇਜ ਕੇ ਤੰਗ-ਪ੍ਰੇਸ਼ਾਨ ਕਰ ਰਹੀ ਸੀ। ਉਸ ਦੇ ਅਸ਼ਲੀਲ ਮੈਸੇਜਾਂ ਨਾਲ ਮਾਨਸਿਕ ਤੌਰ ’ਤੇ ਤੰਗ ਆ ਕੇ ਪਹਿਲਾਂ ਵੀ ਪੁਲਸ ਨੂੰ ਕਈ ਵਾਰ ਸ਼ਿਕਾਇਤ ਦਿੱਤੀ, ਹਰ ਵਾਰ ਉਹ ਪੁਲਸ ਸਟੇਸ਼ਨ ਆ ਕੇ ਲਿਖਤੀ ’ਚ ਮੁਆਫੀ ਮੰਗ ਕੇ ਚਲੀ ਜਾਂਦੀ ਹੈ ਪਰ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਅਸ਼ਲੀਲ ਮੈਸੇਜ ਕਰਨ ਲੱਗ ਪੈਂਦੀ ਹੈ। ਇੰਨਾ ਹੀ ਨਹੀਂ ਉਸ ਦੇ ਭਰਾ ਰਜਿਤ ਟੰਡਨ ’ਤੇ ਜ਼ਬਰਦਸਤੀ ਵਿਆਹ ਕਰਨ ਦਾ ਦਬਾਅ ਬਣਾ ਰਹੀ ਸੀ ਅਤੇ ਇਸ ਤਰ੍ਹਾਂ ਨਾ ਕਰਨ ’ਤੇ ਉਨ੍ਹਾਂ ਨੂੰ ਭੁਗਤਣਾ ਪੈ ਸਕਦਾ ਹੈ ਅਤੇ ਖੁਦ ਮਰਨ ਦੀਆਂ ਧਮਕੀਆਂ ਦੇ ਰਹੀ ਸੀ, ਜਿਸ ਕਾਰਨ ਸਾਰੇ ਪਰਿਵਾਰਕ ਮੈਂਬਰ ਕਾਫੀ ਪ੍ਰੇਸ਼ਾਨ ਹੋ ਗਏ ਤੇ ਇਨਸਾਫ ਲਈ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ।