ਦੁਕਾਨ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਮਿਲ ਕੇ ਕੀਤੀ ਲੱਖਾਂ ਦੀ ਚੋਰੀ

Monday, Mar 11, 2024 - 02:19 PM (IST)

ਦੁਕਾਨ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਮਿਲ ਕੇ ਕੀਤੀ ਲੱਖਾਂ ਦੀ ਚੋਰੀ

ਮੋਗਾ (ਆਜ਼ਾਦ) : ਬਾਘਾ ਪੁਰਾਣਾ ਨਿਵਾਸੀ ਤਜਿੰਦਰ ਗਰਗ ਦੇ ਗੁਦਾਮ ਵਿਚੋਂ ਉਸ ਦੀ ਦੁਕਾਨ ਵਿਚ ਕੰਮ ਕਰਦੇ ਦੋ ਮੁਲਾਜ਼ਮਾਂ ਵਲੋਂ ਕਥਿਤ ਮਿਲੀਭੁਗਤ ਕਰਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਬਾਘਾ ਪੁਰਾਣਾ ਪੁਲਸ ਵਲੋਂ ਦੋ ਕਥਿਤ ਮੁਲਜ਼ਮਾਂ ਰਣਜੀਤ ਸਿੰਘ ਉਰਫ ਰਾਜੂ ਨਿਵਾਸੀ ਪਿੰਡ ਰੋਤਾਪੁਰ ਯੂ. ਪੀ. ਹਾਲ ਅਬਾਦ ਬਾਘਾ ਪੁਰਾਣਾ ਅਤੇ ਅਜੇ ਨਿਵਾਸੀ ਪਿੰਡ ਮੰਡੀਰਾਂ ਵਾਲਾ ਨਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਤੇਜਿੰਦਰ ਗਰਗ ਨਿਵਾਸੀ ਨਿਹਾਲ ਸਿੰਘ ਵਾਲਾ ਰੋਡ ਬਾਘਾ ਪੁਰਾਣਾ ਨੇ ਕਿਹਾ ਕਿ ਉਸ ਦੀ ਇਲੈਕਟ੍ਰੋਨਿਕਸ ਦੇ ਸਾਮਾਨ ਦੀ ਦੁਕਾਨ ਹੈ ਅਤੇ ਉਸ ਨੇ ਗਰੀਨ ਐਵੀਨਿਊ ਕਾਲੋਨੀ ਵਿਚ ਆਪਣਾ ਸਟੋਰ ਬਣਾਇਆ ਹੋਇਆ ਹੈ। ਉਕਤ ਦੋਵੇਂ ਮੁਲਜ਼ਮ ਪਿਛਲੇ ਕਰੀਬ ਢਾਈ ਸਾਲ ਤੋਂ ਮੇਰੀ ਦੁਕਾਨ ’ਤੇ ਨੌਕਰੀ ਕਰਦੇ ਆ ਰਹੇ ਹਨ। ਉਸ ਨੇ ਕਿਹਾ ਕਿ ਬੀਤੀ 8 ਮਾਰਚ ਨੂੰ ਦੋਵੇਂ ਮੁਲਾਜ਼ਮ ਕੰਮ ’ਤੇ ਨਹੀਂ ਆਏ ਜਿਨ੍ਹਾਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਸਨ। ਅਸੀਂ ਉਨ੍ਹਾਂ ਦੀ ਬਹੁਤ ਤਲਾਸ਼ ਕੀਤੀ ਪਰ ਸਾਨੂੰ ਨਹੀਂ ਮਿਲੇ, ਜਿਸ ’ਤੇ ਸਾਨੂੰ ਸ਼ੱਕ ਹੋਇਆ ਤਾਂ ਅਸੀਂ ਆਪਣਾ ਸਟੋਰ ਚੈੱਕ ਕੀਤਾ ਤਾਂ ਸਟੋਰ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਜਿਸ ਵਿਚ ਐੱਲ. ਈ. ਡੀ., ਗੀਜ਼ਰ, ਵਾਸ਼ਿੰਗ ਮਸ਼ੀਨਾਂ, ਫਰਿੱਜ, ਮਾਈਕਰੋ ਵੇਵ, ਇਨਵਰਟਰ ਅਤੇ ਬੈਟਰੇ ਆਦਿ ਹੋਰ ਵੀ ਕਾਫ਼ੀ ਸਾਮਾਨ ਗਾਇਬ ਸੀ।

ਮੈਂਨੂੰ ਯਕੀਨ ਹੈ ਕਿ ਦੋਹਾਂ ਮੁਲਾਜ਼ਮਾਂ ਨੇ ਮਿਲੀਭੁਗਤ ਕਰਕੇ ਮੇਰੇ ਸਟੋਰ ’ਚੋਂ ਚੋਰੀ ਕੀਤੀ ਹੈ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਇਹ ਸਾਮਾਨ ਕਿਸ ਨੂੰ ਵੇਚਦੇ ਸਨ ਅਤੇ ਹੋਰ ਕੌਣ ਕੌਣ ਇਸ ਗੌਰਖ ਧੰਦੇ ਵਿਚ ਇਨ੍ਹਾਂ ਦੇ ਨਾਲ ਸ਼ਾਮਲ ਹਨ। ਜਲਦੀ ਹੀ ਕਥਿਤ ਮੁਲਜ਼ਮਾਂ ਦੇ ਕਾਬੂ ਆਉਣ ਦੀ ਸੰਭਾਵਨਾ ਹੈ, ਜਿਨ੍ਹਾਂ ਦੇ ਕਾਬੂ ਆਉਣ ’ਤੇ ਚੋਰੀ ਦਾ ਮਾਮਲਾ ਬੇਨਕਾਬ ਹੋ ਸਕੇਗਾ।


author

Gurminder Singh

Content Editor

Related News