‘ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਐਮਰਜੈਂਸੀ ਤੇ ਬਲੱਡ ਬੈਂਕ ਦਾ ਕੰਮ ਕੀਤਾ ਜਾਵੇਗਾ ਬੰਦ’
Friday, Dec 24, 2021 - 08:27 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਪੰਜਾਬ (ਰਜਿ.) ਮੈਡੀਕਲ ਐਂਡ ਹੈਲਥ ਜ਼ਿਲ੍ਹਾ ਸੰਗਰੂਰ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ 26 ਦਸੰਬਰ ਤੱਕ ਹੜਤਾਲ ’ਤੇ ਚਲੇ ਜਾਣ ਕਾਰਨ ਇਨ੍ਹਾਂ ਨਾਲ ਸਬੰਧਤ ਸਭਾਵਾਂ ਪ੍ਰਭਾਵਿਤ ਹੋਣੀਆਂ ਸੁਭਾਵਿਕ ਹਨ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਪਹਿਲਾਂ ਵੀ ਸਿਹਤ ਵਿਭਾਗ ਦੇ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਤ ਮੁਲਾਜ਼ਮਾਂ ਵੱਲੋਂ ਧਰਨੇ, ਰੈਲੀਆਂ, ਰੋਸ ਪ੍ਰਦਰਸ਼ਨ, ਭੁੱਖ ਹੜਤਾਲ, ਕਲਮਛੋੜ ਹੜਤਾਲ ਆਦਿ ਕੀਤੀ ਹੋਈ ਹੈ ਅਤੇ ਹੁਣ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਵੀ ਹੜਤਾਲ ’ਤੇ ਚਲੇ ਗਏ ਹਨ। ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ ਐਮਰਜੈਂਸੀ ਅਤੇ ਬਲੱਡ ਬੈਂਕ ਦਾ ਕੰਮ ਚੱਲਦਾ ਰਹੇਗਾ, ਬਾਕੀ ਦੀਆਂ ਸਾਰੀਆਂ ਸਭਾਵਾਂ ਮੁਕੰਮਲ ਤੌਰ ’ਤੇ ਬੰਦ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜੇਕਰ 26 ਦਸੰਬਰ ਤਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਰਕਾਰ ਵੱਲੋਂ ਨਾ ਮੰਨੀਆਂ ਗਈਆਂ ਤਾਂ 27 ਦਸੰਬਰ ਤੋਂ ਸੰਪੂਰਨ ਤੌਰ ’ਤੇ ਐਮਰਜੈਂਸੀ ਸਭਾਵਾਂ ਅਤੇ ਬਲੱਡ ਬੈਂਕ ਆਦਿ ਦਾ ਕੰਮ ਵੀ ਪੂਰਨ ਰੂਪ ’ਚ ਬੰਦ ਕਰ ਦਿੱਤਾ ਜਾਵੇਗਾ, ਜਿਸ ਦੀ ਨਿਰੋਲ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਆਗੂਆਂ ਵੱਲੋਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸਮੇਂ ਚੇਅਰਮੈਨ ਗੁਰਦੀਪ ਸਿੰਘ, ਜਨਰਲ ਸਕੱਤਰ ਵਿਕਾਸ ਕੁਮਾਰ, ਕੈਸ਼ੀਅਰ ਅੰਮ੍ਰਿਤ ਸ਼ਰਮਾ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਵਾਲੀਆ, ਰਾਮਪਾਲ ਸਿੰਘ ਅਤੇ ਸੁਖਵੀਰ ਸਿੰਘ ਆਦਿ ਹਾਜ਼ਰ ਸਨ।